ਅਸਲੀ ਤੋਂ ਪਹਿਲਾਂ ਪਹੁੰਚੇ 2000 ਦੇ ਨਕਲੀ ਨੋਟ !
ਏਬੀਪੀ ਸਾਂਝਾ | 13 Nov 2016 02:06 PM (IST)
ਤਰਨ ਤਾਰਨ: ਮੋਦੀ ਸਰਕਾਰ ਨੇ ਜਾਅਲੀ ਕਰੰਸੀ ਤੇ ਕਾਲੇ ਧਨ ਨੂੰ ਲਗਾਮ ਪਾਉਣ ਲਈ 1000 ਤੇ 500 ਦੇ ਨੋਟ ਬੰਦ ਕੀਤੇ ਹਨ ਪਰ ਬਾਜ਼ਾਰ ਵਿੱਚ 2000 ਦੇ ਨਕਲੀ ਨੋਟ ਪਹੁੰਚ ਵੀ ਚੁੱਕੇ ਹਨ।ਇਸ ਦੀ ਮਿਸਾਲ ਕਸਬਾ ਭਿੱਖੀਵਿੰਡ ਦੇ ਮੇਨ ਚੌਕ ਵਿੱਚ ਦੁਕਾਨਦਾਰ ਸੋਨੂੰ ਮਲਹੋਤਰਾ ਤੋਂ ਮਿਲਦੀ ਹੈ ਜਿਸ ਨੂੰ ਕੋਈ ਵਿਅਕਤੀ 2000 ਰੁਪਏ ਦਾ ਨਕਲੀ ਨੋਟ ਦੇ ਕੇ ਠੱਗ ਗਿਆ। ਠੱਗੀ ਦਾ ਸ਼ਿਕਾਰ ਹੋਏ ਸੋਨੂੰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਇੱਕ ਵਿਅਕਤੀ ਸਾਮਾਨ ਲੈਣ ਲਈ ਦੁਕਾਨ 'ਤੇ ਆਇਆ। ਕੁਝ ਘਰੇਲੂ ਸਾਮਾਨ ਖਰੀਦ ਕੇ ਉਸ ਨੇ 2000 ਰੁਪਏ ਦਾ ਨਵਾਂ ਨੋਟ ਦਿੱਤਾ। ਸੋਨੂੰ ਨੇ ਪੈਸੇ ਕੱਟ ਕੇ ਉਸ ਨੂੰ ਬਕਾਇਆ ਮੋੜ ਦਿੱਤਾ। ਕੁਝ ਚਿਰ ਬਾਅਦ ਜਦੋਂ ਉਸ ਨੋਟ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਨੋਟ ਜਾਅਲੀ ਨਿਕਲਿਆ ਪਰ ਉਸ ਸਮੇਂ ਉਹ ਵਿਅਕਤੀ ਫਰਾਰ ਹੋ ਚੁੱਕਾ ਸੀ। ਦੁਕਾਨਦਾਰ ਸੋਨੂੰ ਮਲਹੋਤਰਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਨਾਲ ਠੱਗੀਆਂ ਮਾਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਨਕਲੀ ਨੋਟਾਂ ਨਾਲ ਤਿੰਨ ਦੁਕਾਨਦਾਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਬੰਧਤ ਮਹਿਕਮਾ ਤੇ ਸਰਕਾਰਾਂ ਇਸ ਨੂੰ ਰੋਕਣ ਲਈ ਕੀ ਕਦਮ ਉਠਾਉਂਦੀਆਂ ਹਨ।