ਹੁਸ਼ਿਆਰਪੁਰ: ਬੀਤੇ ਦਿਨੀਂ ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਨੂੰ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਹੋਈ ਸੀ। ਇਨ੍ਹਾਂ ਵਿੱਚ ਪਿੰਡ ਸਫਦਰਪੁਰ ਕੁਲੀਆਂ ਦਾ ਸਤਵਿੰਦਰ ਵੀ ਸ਼ਾਮਲ ਸੀ, ਜੋ ਆਪਣੀ ਬੱਚੀ ਦੀ ਬਿਹਤਰ ਪੜ੍ਹਾਈ ਲਈ ਪੈਸੇ ਕਮਾਉਣ ਸਾਊਦੀ ਅਰਬ ਗਿਆ ਸੀ।




ਸਾਊਦੀ ਅਰਬ 'ਚ ਸਤਵਿੰਦਰ ਦਾ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ, ਪਰ ਪਰਿਵਾਰਕ ਮੈਂਬਰ ਅਜੇ ਵੀ ਉਸ ਦੀ ਉਡੀਕ ਵਿੱਚ ਬੈਠੇ ਹਨ। ਸੱਤਵੀਂ ਕਲਾਸ 'ਚ ਪੜ੍ਹ ਰਹੀ ਆਪਣੀ ਧੀ ਤਮੰਨਾ ਦੀ ਪੜ੍ਹਾਈ ਖਾਤਰ ਸਤਵਿੰਦਰ ਨੇ ਆਪਣਾ ਦੇਸ਼ ਛੱਡ ਕੇ ਸਾਊਦੀ ਵਿੱਚ ਜਾਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਹ ਚੰਗੇ ਪੈਸੇ ਕਮਾ ਸਕੇ।

ਸਾਲ 2013 ਵਿੱਚ ਸਤਵਿੰਦਰ ਸਾਊਦੀ ਅਰਬ ਚਲਾ ਗਿਆ ਸੀ। ਉਹ ਆਪਣੀ ਪਰਿਵਾਰ ਨੂੰ ਗਰੀਬੀ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੁੰਦਾ ਸੀ। ਸਤਵਿੰਦਰ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਹਰ ਮਹੀਨੇ ਉਹ ਆਪਣੇ ਪਰਿਵਾਰ ਨੂੰ ਪੈਸੇ ਭੇਜਦਾ ਸੀ ਤੇ ਉਹੀ ਕਮਾਈ ਦਾ ਇੱਕੋ ਸਾਧਨ ਸੀ।

ਓਮ ਪ੍ਰਕਾਸ਼ ਨੇ ਕਿਹਾ ਕਿ ਸਤਵਿੰਦਰ ਆਪਣੀ ਬੇਟੀ ਤਮੰਨਾ ਦਾ ਖਾਸ ਖਿਆਲ ਰੱਖਦਾ ਸੀ ਤੇ ਉਸ ਦੀ ਪੜ੍ਹਾਈ ਬਾਰੇ ਹਰ ਸਮੇਂ ਪੁੱਛਦਾ ਸੀ। ਸਤਵਿੰਦਰ ਦੀ ਪਤਨੀ ਸੀਮਾ ਨੇ ਕਿਹਾ ਆਖਰੀ ਵਾਰ ਜਦੋਂ ਸਤਵਿੰਦਰ ਨਾਲ ਉਸ ਦੀ ਗੱਲ ਹੋਈ ਤਾਂ ਸਭ ਕੁਝ ਠੀਕ ਠਾਕ ਦੱਸਿਆ ਗਿਆ ਤੇ ਸਤਵਿੰਦਰ ਵੱਲੋਂ ਭਰੋਸਾ ਜਤਾਇਆ ਗਿਆ ਕਿ ਉਹ ਜਲਦ ਹੀ ਘਰ ਪਰਤੇਗਾ।



ਸਤਵਿੰਦਰ ਦਾ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਾ ਹੈ ਤੇ ਉਹ ਭਾਰਤ ਸਰਕਾਰ ਤੋਂ ਸਤਵਿੰਦਰ ਦੀ ਮੌਤ ਦਾ ਸਬੂਤ ਵੀ ਮੰਗ ਰਹੇ ਹਨ। ਪਰਿਵਾਰ ਨੇ ਸਰਕਾਰਾਂ ਤੋਂ ਸਵਾਲ ਪੁੱਛਿਆ ਕਿ ਸਤਵਿੰਦਰ ਦਾ ਚਲਾ ਗਿਆ ਪਰ ਉਸ ਦੀ ਬੱਚੀ ਲਈ ਪੜ੍ਹਾਈ ਦੀ ਮਦਦ ਕਰਨ ਲਈ ਕੀ ਸਰਕਾਰ ਅੱਗੇ ਆਵੇਗੀ?