ਜਲੰਧਰ : ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਪਰਿਵਾਰ ਸਮੇਤ ਸਲਫਾਸ ਖਾ ਕੇ ਸੁਸਾਈਡ ਕਰ ਲਿਆ। ਪੀੜਤ ਦੀ ਲਾਸ਼ ਕੋਲੋਂ ਇੱਕ ਸੁਸਾਇਡ ਨੋਟ ਪੁਲਿਸ ਨੇ ਬਰਾਮਦ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਕਰਜ਼ਦਾਰ ਉਸ ਨੂੰ ਧਮਕੀ ਦਿੰਦੇ ਸਨ ਤੇ ਪੈਸੇ ਨਾ ਵਾਪਸ ਦੇਣ ਦੀ ਸੂਰਤ ਵਿੱਚ ਉਸ ਦੀ ਪਤਨੀ ਤੇ ਧੀ ਨੂੰ ਚੁੱਕ ਕੇ ਲਿਜਾਣ ਦੀ ਗੱਲ ਕਰਦੇ ਸਨ। ਇਸ ਨਾਲ ਦੁਖੀ ਪੂਰੇ ਪਰਿਵਾਰ ਨੇ ਮੌਤ ਨੂੰ ਗੱਲ਼ ਲਾ ਲਿਆ।


ਥਾਣਾ ਭੋਗਪੁਰ ਦੇ ਐਸ.ਐਚ.ਓ. ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਨਿਲ ਅਗਰਵਾਲ, ਪਤਨੀ ਰਜਨੀ, ਧੀ ਰਾਸ਼ੀ ਤੇ ਪੁੱਤਰ ਅਭਿਸ਼ੇਕ ਦੇ ਰੂਪ ਵਿੱਚ ਹੋਈ ਹੈ। ਧੀ ਦੀ ਉਮਰ 18 ਸਾਲ ਤੇ ਪੁੱਤਰ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਸਵੇਰੇ 7 ਵਜੇ ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਹਾਈਵੇ 'ਤੇ ਵੇਖੀਆ ਗਈਆਂ। ਮ੍ਰਿਤਕਾਂ ਕੋਲ ਪਾਣੀ ਦੀ ਬੋਤਲ, ਸਲਫਾਸ ਦੀ ਸ਼ੀਸ਼ੀ ਤੇ ਇੱਕ ਮੋਬਾਈਲ ਵੀ ਮਿਲਿਆ। ਮ੍ਰਿਤਕ ਪਰਿਵਾਰ ਪਠਾਨਕੋਟ ਚੌਕ ਦੇ ਨੇੜੇ ਇੱਕ ਫਲੈਟ ਵਿੱਚ ਰਹਿੰਦਾ ਸੀ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਵਿੱਚ ਆਟੋ ਵਾਲੇ ਨੇ ਦੱਸਿਆ ਕੇ ਇਹ ਲੋਕ ਸ਼ਨੀਵਾਰ ਰਾਤ ਅੱਠ ਵਜੇ ਹੀ ਇੱਥੇ ਆ ਗਏ ਸਨ। ਇਨ੍ਹਾਂ ਨੇ ਬੱਸ ਸਟੈਂਡ ਦੇ ਨੇੜਿਓਂ ਪਾਣੀ ਦੀ ਬੋਤਲ ਖਰੀਦੀ ਤੇ ਚਲੇ ਗਏ। ਮੌਕੇ ਤੋਂ ਮਿਲੇ ਮੋਬਾਈਲ ਫੋਨ ਤੋਂ ਇੱਕ ਨੰਬਰ ਡਾਈਲ ਕੀਤਾ ਤਾਂ ਉਹ ਇੱਕ ਮ੍ਰਿਤਕ ਦੀ ਭੈਣ ਦਾ ਸੀ। ਸੂਚਨਾ ਤੋਂ ਬਾਅਦ ਮ੍ਰਿਤਕ ਦੀ ਭੈਣ ਉੱਥੇ ਪਹੁੰਚੀ ਤੇ ਉਸ ਨੇ ਲਾਸ਼ਾਂ ਦੀ ਪਛਾਣ ਕੀਤੀ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਕਈ ਦਿਨਾਂ ਤੋਂ ਕਰਜ਼ੇ ਤੋਂ ਪ੍ਰੇਸ਼ਾਨ ਸੀ। ਪੁਲਿਸ ਨੇ ਸੁਸਾਈਡ ਨੋਟ ਤੇ ਭੈਣ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।