ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਟੱਕਰ ਦੇਣ ਲਈ ਪੰਥਕ ਜਥੇਬੰਦੀਆਂ ਇੱਕਜੁੱਟ ਹੋਣ ਲਈ ਹੱਥ-ਪੈਰ ਮਰ ਰਹੀਆਂ ਹਨ। ਇਸ ਕਾਰਜ ਲਈ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਅਗਲੇ ਦਿਨਾਂ ਵਿੱਚ ਇਸ ਦੇ ਕੁਝ ਸਿੱਟੇ ਸਾਹਮਣੇ ਆ ਸਕਦੇ ਹਨ। ਭਾਈ ਹਵਾਰਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ’ਚ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਹਨ।
ਇਸ ਬਾਰੇ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਬਕਾਇਦਾ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਛੇ ਪੰਥਕ ਜਥੇਬੰਦੀਆਂ ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ 1920, ਸੁਤੰਤਰ ਅਕਾਲੀ ਦਲ, ਪੰਥਕ ਸੇਵਾ ਲਹਿਰ ਤੇ ਦਮਦਮੀ ਟਕਸਾਲ ਅਜਨਾਲਾ ਨੇ ਹਿੱਸਾ ਲਿਆ। ਇਨ੍ਹਾਂ ਜਥੇਬੰਦੀਆਂ ਦੇ ਲੀਡਰਾਂ ਨੇ ਸਿੱਖ ਕੌਮ ਵਿੱਚ ਏਕਤਾ ਲਿਆਉਣ ਦੇ ਅਧਿਕਾਰ ਭਾਈ ਹਵਾਰਾ ਨੂੰ ਸੌਂਪ ਦਿੱਤੇ ਗਏ ਹਨ।
ਇਨ੍ਹਾਂ ਲੀਡਰਾਂ ਨੇ ਦੱਸਿਆ ਕਿ ਭਾਈ ਹਵਾਰਾ ਨਾਲ ਮੀਟਿੰਗ ਹੋ ਚੁੱਕੀ ਹੈ। ਭਾਈ ਹਵਾਰਾ ਨੇ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵੱਖ-ਵੱਖ ਮਸਲਿਆਂ ਵਿੱਚ ਘਿਰੀ ਸਿੱਖ ਕੌਮ ਕੇਵਲ ਏਕਾ ਕਰਕੇ ਇਨ੍ਹਾਂ ਦੁਸ਼ਵਾਰੀਆਂ ਵਿੱਚੋਂ ਨਿਕਲ ਸਕਦੀ ਹੈ। ਭਾਈ ਹਵਾਰਾ ਨੇ 10 ਨਵੰਬਰ ਨੂੰ ਤਲਵੰਡੀ ਸਾਬੋ ਵਿੱਚ ਕੀਤੇ ਜਾ ਰਹੇ ਸਰਬੱਤ ਖ਼ਾਲਸਾ ਦੀ ਕਾਮਯਾਬੀ ਲਈ ਜੁਟਣ ਦਾ ਸੱਦਾ ਵੀ ਦਿੱਤਾ ਹੈ। ਇਨ੍ਹਾਂ ਛੇ ਜਥੇਬੰਦੀਆਂ ਨੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।