Fazilka News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਇਕ ਵੱਡੀ ਸੌਖ ਕਰਦਿਆਂ ਹੁਣ ਜਮੀਨ ਦੀ ਫਰਦ ਲੈਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ
  ਫਾਜਿ਼ਲਕਾ ਦੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਪਹਿਲਾਂ ਫਰਦ ਲੈਣ ਦੀ ਸੁਵਿਧਾ ਕੇਵਲ ਫਰਦ ਕੇਂਦਰਾਂ ਤੇ ਹੀ ਸੀ ਅਤੇ ਇਹ ਫਰਦ ਕੇਂਦਰ ਤਹਿਸੀਲ ਜਾਂ ਉਪ ਤਹਿਸੀਲ ਪੱਧਰ ਤੇ ਹੀ ਸਨ। 

 


 

ਸੇਵਾ ਕੇਂਦਰਾਂ ਦੀ ਗਿਣਤੀ ਜਿਆਦਾ ਹੈ ਅਤੇ ਇਹ ਦੁਰ ਦਰਾਜ ਦੇ ਪਿੰਡਾਂ ਦੇ ਲੋਕਾਂ ਦੇ ਵੀ ਨੇੜੇ ਸਥਿਤ ਹਨ। ਜਿ਼ਲ੍ਹੇ ਦੇ 21 ਸੇਵਾ ਕੇਂਦਰਾਂ ਤੋਂ ਫਰਦ ਲੈਣ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਇਸ ਤਰਾਂ ਹੁਣ ਸਰਕਾਰ ਦੀਆਂ ਸੇਵਾਵਾਂ ਲੋਕਾਂ ਦੇ ਘਰਾਂ ਦੇ ਨੇੜੇ ਉਪਲਬੱਧ ਹੋਣਗੀਆਂ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੇਵਾ ਕੇਂਦਰਾਂ ਦੇ ਜਿ਼ਲ੍ਹਾ ਮੈਨੇਜਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਤੋਂ ਪ੍ਰਤੀ ਪੇਜ਼ 25 ਰੁਪਏ ਦੀ ਦਰ ਨਾਲ ਅਤੇ 20 ਰੁਪਏ ਦੀ ਸੇਵਾ ਫੀਸ ਨਾਲ ਫਰਦ ਲਈ ਜਾ ਸਕਦੀ ਹੈ।


 


 

ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਜ਼ੇਕਰ ਕਿਸੇ ਨੇ ਇਕ ਪੇਜ਼ ਦੀ ਫਰਦ ਲੈਣੀ ਹੈ ਤਾਂ ਕੁੱਲ 45 ਰੁਪਏ ਲੱਗਣਗੇ, 2 ਪੇਜ਼ ਲਈ 70 ਰੁਪਏ, 3 ਪੇਜ਼ ਲਈ 95 ਰੁਪਏ। ਉਨ੍ਹਾਂ ਨੇ ਦੱਸਿਆ ਕਿ ਕਿ ਹੁਣ ਇਕ ਤੋਂ ਜਿਆਦਾ ਖੇਵਟਾਂ ਦੀ ਸਾਂਝੀ ਫਰਦ ਵੀ ਸੇਵਾ ਕੇਂਦਰ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਸੇਵਾ ਕੇਂਦਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰਹਿੰਦੇ ਹਨ ਅਤੇ ਇਸ ਤਰਾਂ ਕੰਮਕਾਜ ਲੋਕ ਸੇਵਾ ਕੇਂਦਰ ਨਾਲ ਸੰਬੰਧਤ ਕੰਮਾਂ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਇੰਨ੍ਹਾਂ ਸੇਵਾ ਕੇਂਦਰਾਂ ਤੇ ਆ ਕੇ ਸਰਕਾਰੀ ਸੇਵਾਵਾਂ ਲੈ ਸਕਦੇ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।