ਰਿਪੋਰਟਰ :--- ਸਤਨਾਮ ਸਿੰਘ ਗੁਰਦਾਸਪੁਰ

Batala News : ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਸਰ -ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੌਰਾਨ 10 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਲੰਬੇ ਰੂਟ ਵਾਲੀਆਂ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ। ਇਸ ਧਰਨੇ ਕਰਕੇ ਜਿੱਥੇ ਆਮ ਲੋਕਾਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ,ਉਥੇ ਹੀ ਧਰਨੇ ਕਾਰਨ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਲੈ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਆਟੋ ਚਾਲਕਾਂ ਦਾ ਕੰਮ ਵੀ ਠਪ ਚੁੱਕਾ ਹੈ। 


 ਇਹ ਵੀ ਪੜ੍ਹੋ : ਸਰਕਾਰੀ ਤੰਤਰ ਕਰਕੇ ਸਿੱਧੂ ਮੂਸੇਵਾਲਾ ਬਰਸੀ ਵਾਲੇ ਦਿਨ ਦੂਜੀ ਵਾਰ ਮਰਿਆ-ਬਲਕੌਰ ਸਿੰਘ

 ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਾਮ ਦੇ ਨਾਲ ਪਠਾਣਕੋਟ ਤੋਂ ਅੰਮ੍ਰਿਤਸਰ ਜਾਣ ਵਾਲੀਆ 10 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਪਠਾਣਕੋਟ ਤੋਂ ਦਿੱਲੀ ਵਾਇਆ ਅਮ੍ਰਿਤਸਰ ਚੱਲਣ ਵਾਲੀਆਂ 4 ਟ੍ਰੇਨਾਂ ਦਾ ਰੂਟ ਬਦਲ ਕੇ ਵਾਇਆ ਮੁਕੇਰੀਆ ਕੀਤਾ ਗਿਆ ਹੈ ਤਾਂ ਜੋ ਯਾਤਰੀਆਂ ਦੀ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕੇ। ਬਟਾਲਾ ਰੇਲਵੇ ਸਟੇਸ਼ਨ 'ਤੇ ਲਗਾਏ ਗਏ ਧਰਨੇ ਨਾਲ ਟ੍ਰੇਨਾਂ 'ਤੇ ਸਫ਼ਰ ਕਰਨ ਵਾਲ਼ੇ ਯਾਤਰੀ ਪ੍ਰਭਾਵਿਤ ਹੋਏ ਹਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 



 

ਯਾਤਰੀਆਂ ਨੇ ਕਿਹਾ ਕਿ ਅੱਜ ਉਹ ਆਪਣੇ ਸਮੇਂ ਨਾਲ ਕੰਮ 'ਤੇ ਜਾਣ ਲਈ ਰੇਲਵੇ ਸਟੇਸ਼ਨ ਆਏ ਸ਼ਨ ਪਰ ਏਥੇ ਆ ਕੇ ਪਤਾ ਲੱਗਾ ਕਿ ਕਿਸਾਨੀ ਧਰਨੇ ਕਾਰਨ ਟ੍ਰੇਨਾਂ ਰੱਦ ਹੋ ਚੁੱਕੀਆ ਹਨ ,ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਅਗਰ ਰੋਸ ਪ੍ਰਦਰਸ਼ਨ ਕਰਨਾ ਹੈ ਤੇ ਕੋਈ ਹੋਰ ਜਗਾ 'ਤੇ ਧਰਨੇ ਲਗਾਉਣੇ ਚਾਹੀਦੇ ਹਨ। ਇਸਦੇ ਨਾਲ ਹੀ ਆਟੋ ਚਾਲਕਾਂ ਅਤੇ ਰੇਲਵੇ ਸਟੇਸ਼ਨ 'ਤੇ ਪਾਰਕਿੰਗ ਠੇਕੇਦਾਰ ਨੇ ਕਿਹਾ ਕਿ ਸਵਾਰੀਆਂ ਨਾ ਆਉਣ ਦੇ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋਂ ਧਰਨਾ ਖਤਮ ਕੀਤਾ ਜਾ ਸਕੇ।