ਫਰੀਦਕੋਟ: ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਇੱਕ ਤਸਕਰ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਜੇਲ੍ਹ 'ਚੋਂ ਰਿਹਾਅ ਕਰਵਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਫਰੀਦਕੋਟ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨਿਸ਼ਾਨ ਸਿੰਘ, ਫ਼ਰੀਦਕੋਟ ਦੇ ਸਾਬਕਾ ਐੱਮਸੀ ਸੁਖਦੇਵ ਸਿੰਘ ਅਤੇ ਪਿੰਡ ਪਿੱਪਲੀ ਦੇ ਵਸਨੀਕ ਸ਼ੇਰ ਸਿੰਘ ਨੇ ਸਾਜਬਾਜ਼ ਹੋ ਕੇ ਕਥਿਤ ਤੌਰ 'ਤੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਦਸ ਸਾਲ ਦੀ ਸਜ਼ਾ ਕੱਟ ਰਹੇ ਜਗਮੀਤ ਸਿੰਘ ਨੂੰ ਜੇਲ੍ਹ ਵਿੱਚੋਂ ਜ਼ਮਾਨਤ 'ਤੇ ਰਿਹਾਅ ਕਰਵਾਉਣ ਲਈ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਜਾਅਲੀ ਜਮ੍ਹਾਂਬੰਦੀ ਬਣਾ ਕੇ ਪੇਸ਼ ਕਰ ਦਿੱਤੀ ਹੈ। ਜਗਮੀਤ ਸਿੰਘ ਨੂੰ ਵਧੀਕ ਸ਼ੈਸ਼ਨ ਜੱਜ ਨੇ ਦਸ ਸਾਲ ਦੀ ਸਜ਼ਾ ਕੀਤੀ ਸੀ ਅਤੇ ਹਾਈ ਕੋਰਟ ਨੇ ਚੱਲਦੀ ਅਪੀਲ ਦੌਰਾਨ ਮੁਲਜ਼ਮ ਜਗਜੀਤ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਨਿਸ਼ਾਨ ਸਿੰਘ ਨੇ ਕਥਿਤ ਤੌਰ 'ਤੇ ਸੁਖਦੇਵ ਸਿੰਘ ਅਤੇ ਸ਼ੇਰ ਸਿੰਘ ਨਾਲ ਮਿਲ ਕੇ ਅਦਾਲਤ ਸਾਹਮਣੇ ਜਾਅਲੀ ਜਮ੍ਹਾਂਬੰਦੀ ਪੇਸ਼ ਕਰ ਦਿੱਤੀ।
ਅਦਾਲਤ ਨੇ ਜ਼ਮਾਨਤ ਲਈ ਪੇਸ਼ ਕੀਤੀ ਜਮ੍ਹਾਂਬੰਦੀ ਹਲਕਾ ਪਟਵਾਰੀ ਕੋਲ ਇੰਦਰਾਜ ਅਤੇ ਪੜਤਾਲ ਲਈ ਭੇਜੀ ਸੀ। ਤਹਿਸੀਲਦਾਰ ਨੇ ਚੀਫ਼ ਜੁਡੀਸ਼ਲ ਮੈਜਿਸਟਰੇਟ ਫਰੀਦਕੋਟ ਨੂੰ ਭੇਜੀ ਰਿਪੋਰਟ ਵਿੱਚ ਲਿਖਿਆ ਹੈ ਕਿ ਜੋ ਜਮ੍ਹਾਂਬੰਦੀ ਨਿਸ਼ਾਨ ਸਿੰਘ ਨੇ ਅਦਾਲਤ ਵਿੱਚ ਪੇਸ਼ ਕੀਤੀ ਹੈ, ਉਹ ਮਾਲ ਵਿਭਾਗ ਵੱਲੋਂ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਉੱਪਰ ਹਲਕਾ ਪਟਵਾਰੀ ਦੇ ਦਸਤਖਤ ਹਨ। ਅਦਾਲਤ ਨੇ ਇਸ ਰਿਪੋਰਟ ਦੇ ਆਧਾਰ 'ਤੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਅਦਾਲਤ ਵਿੱਚ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦੀ ਸ਼ਿਕਾਇਤ ਕੀਤੀ ਸੀ।