ਫਰੀਦਕੋਟ: ਇੱਥੇ ਇੱਕ ਪਿਤਾ ਨੇ ਆਪਣੀ ਧੀ ਦੇ ਹੱਕ ਲਈ ਮੋਰਚਾ ਖੋਲ੍ਹਦਿਆਂ ਪ੍ਰਾਈਵੇਟ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪਿਤਾ ਦਾ ਇਲਜ਼ਾਮ ਹੈ ਕਿ ਫਰੀਦਕੋਟ ਦੇ ਕਾਨਵੈਂਟ ਸਕੂਲ ਦੇ ਪ੍ਰਬੰਧਕ ਉਸ ਦੀ ਬੇਟੀ ਦਾ ਨਤੀਜਾ ਨਹੀਂ ਦੇ ਰਹੇ ਜਿਸ ਕਰਕੇ ਉਨ੍ਹਾਂ ਦੀ ਬੱਚੀ ਮਾਨਸਿਕ ਤਣਾਓ ਵਿੱਚੋਂ ਗੁਜ਼ਰ ਰਹੀ ਹੈ। ਇਸ ਦੇ ਵਿਰੋਧ ਵਿੱਚ ਦੋਵੇਂ ਪਿਉ-ਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਬੱਚਿਆ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਫਰੀਦਕੋਟ ਵਾਸੀ ਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਗੇਟ ’ਤੇ ਧਰਨਾ ਲਾ ਕੇ ਭੁੱਖ ਹੜਤਾਲ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਛੇ ਸਾਲਾਂ ਦੀ ਧੀ ਇੱਕ ਨਿੱਜੀ ਕਾਨਵੈਂਟ ਸਕੂਲ ਵਿੱਚ UKG ਜਮਾਤ ਵਿੱਚ ਪੜ੍ਹਦੀ ਹੈ। ਉਨ੍ਹਾਂ ਆਪਣੀ ਧੀ ਦੀਆਂ ਸਾਰੀਆ ਫੀਸਾਂ ਭਰੀਆਂ ਹੋਈਆਂ ਹਨ, ਪਰ ਸਕੂਲ ਪ੍ਰਬੰਧਕ ਬੀਤੀ 28 ਫਰਵਰੀ ਤੋਂ ਉਨ੍ਹਾਂ ਦੀ ਧੀ ਦਾ ਨਤੀਜਾ ਨਹੀਂ ਦੇ ਰਹੇ।

ਉਨ੍ਹਾਂ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸਮੇਤ ਵੱਖ-ਵੱਖ ਅਦਾਰਿਆ ਨੂੰ ਇਸ ਦੀ ਸ਼ਿਕਾਇਤ ਭੇਜੀ ਸੀ ਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਸਭ ਕਰਕੇ ਉਨ੍ਹਾਂ ਦੀ ਮਾਸੂਮ ਬੱਚੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਰਹੀ ਹੈ। ਇਸ ਸਮੱਸਿਆ ਦਾ ਕੋਈ ਹੱਲ ਨਾ ਨਿਕਲਦਾ ਵੇਖਦਿਆਂ ਆਖ਼ੀਰ ਉਨ੍ਹਾਂ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਬਾਹਰ ਧਰਨਾ ਲਾ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ।

ਉੱਧਰ ਚੇਅਰਮੈਨ ਬਾਲ ਸੁਰੱਖਿਆ ਕਮੇਟੀ ਫਰੀਦਕੋਟ ਨੇ ਕਿਹਾ ਕਿ ਮਨਪ੍ਰੀਤ ਸਿੰਘ ਨੇ ਕਾਨਵੈਂਟ ਸਕੂਲ ਦੇ ਖਿਲਾਫ ਜੋ ਸ਼ਿਕਾਇਤ ਦਿੱਤੀ ਸੀ, ਉਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਸਕੂਲ ਪ੍ਰਬੰਧਣ ਨੂੰ ਚਿੱਠੀ ਲਿਖੀ ਸੀ ਪਰ ਸਕੂਲ ਨੇ ਉਨ੍ਹਾਂ ਦੀ ਬੱਚੀ ਦਾ ਨਤੀਜਾ ਰੋਕਣ ਤੋਂ ਇਨਕਾਰ ਕਰ ਦਿੱਤਾ ਬਲਕਿ ਬੱਚੀ ਦੇ ਨਤੀਜੇ ਦੀ ਕਾਪੀ ਦਫ਼ਤਰ ਨੂੰ ਭੇਜੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਵਿਭਾਗ ਕਿਸੇ ਵੀ ਬੱਚੇ ਨਾਲ ਧੱਕੇਸ਼ਾਹੀ ਨਹੀਂ ਹੋਣ ਦਏਗਾ।