ਚੰਡੀਗੜ੍ਹ: ਪੰਜਾਬ ਦੇ ਦਫਤਰੀ ਮੁਲਾਜ਼ਮਾਂ ਨੇ ਅੱਜ ਦੂਸਰੇ ਦਿਨ ਵੀ ਆਪਣੀ ਕਲਮ ਛੋੜ ਹੜਤਾਲ ਜਾਰੀ ਰੱਖੀ। ਪੰਜਾਬ ਸਕੱਤਰੇਤ ਤੋਂ ਲੈ ਕੇ ਵਿਭਾਗਾਂ ਦੇ ਮੁੱਖ ਦਫਤਰਾਂ, ਜ਼ਿਲ੍ਹਾ ਪੱਧਰਾਂ ‘ਤੇ ਡੀਸੀਜ਼ ਦਫਤਰਾਂ, ਖਜ਼ਾਨਾ ਦਫਤਰਾਂ, ਤਹਿਸੀਲ ਦਫਤਰਾਂ ਸਮੇਤ ਹਰੇਕ ਵਿਭਾਗ ਦੇ ਮੁਲਾਜ਼ਮ ਸਵੇਰ 9 ਵਜੇ ਹੀ ਦਫਤਰੀ ਫਾਈਲਾਂ ਫਰੋਲਣ ਦੀ ਥਾਂ ਬਾਹਰ ਰੈਲੀਆਂ ਤੇ ਪ੍ਰਦਰਸ਼ਨ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ।

ਸੂਤਰਾਂ ਅਨੁਸਾਰ ਦੂਸਰੇ ਪਾਸੇ ਵਿੱਤ ਵਿਭਾਗ ਦੇ ਅਧਿਕਾਰੀ ਲੰਘੀ ਦੇਰ ਰਾਤ ਤਕ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਦੀਆਂ ਫਾਈਲਾਂ ਨੂੰ ਅੰਤਮ ਰੂਪ ਦੇਣ ਲਈ ਯਤਨਸ਼ੀਲ ਹਨ। ਅੱਜ ਇਹ ਸਾਰੇ ਮੁੱਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੂਹਰੇ ਰੱਖੇ ਜਾ ਰਹੇ ਹਨ।

ਦਫਤਰੀ ਮੁਲਾਜ਼ਮਾਂ ਦੀ ਹੜਤਾਲ ਨਾਲ ਸਰਕਾਰੀ ਕੰਮ ਠੱਪ ਹੋ ਕੇ ਰਿਹਾ ਗਿਆ ਹੈ। ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਕਰਕੇ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੁਲਾਜ਼ਮ ਆਪਣੀਆਂ ਸਾਰੀਆਂ ਮੰਗਾਂ ਮਨਵਾਉਣ ਲਈ ਡਟੇ ਹੋਏ ਹਨ।