ਚੰਡੀਗੜ੍ਹ: ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਦੇ ਗੱਠਜੋੜ ਦੀ ਗੱਲ ਸਿਰੇ ਚੜ੍ਹਦੀ ਨਹੀਂ ਜਾਪਦੀ। ਦੋਵੇਂ ਪਾਰਟੀਆਂ ਦਰਮਿਆਨ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਵਿਵਾਦ ਹੋ ਗਿਆ ਹੈ। ਦੋਵੇਂ ਹੀ ਆਪੋ-ਆਪਣੇ ਉਮੀਦਵਾਰਾਂ ਨੂੰ ਉਤਾਰਨ ਲਈ ਬਜ਼ਿੱਦ ਹਨ।
'ਆਪ' ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ ਨੇ ਦਾਅਵਾ ਕੀਤਾ ਕਿ ਉਹ ਚਾਰ ਮਹੀਨੇ ਤੋਂ ਲਗਾਤਾਰ ਹਲਕੇ ਵਿੱਚ ਕੰਮ ਕਰ ਰਹੇ ਹਨ। ਪਾਰਟੀ ਨੇ ਹੀ ਉਨ੍ਹਾਂ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਦੀ ਚੋਣ ਪਾਰਟੀ ਦੇ ਬੈਨਰ ਹੇਠ ਜ਼ਰੂਰ ਲੜਨਗੇ।
ਨਰਿੰਦਰ ਸ਼ੇਰਗਿੱਲ ਨੇ ਪਾਰਟੀ 'ਤੇ ਆਪਣਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਪਾਰਟੀ ਸੀਟ ਤੋਂ ਐਲਾਨੇ ਉਮੀਦਵਾਰ ਵਾਪਸ ਨਹੀਂ ਲਵੇਗੀ। ਸ਼ੇਰਗਿੱਲ ਨੇ ਅਨੰਦਪੁਰ ਸਾਹਿਬ ਦੀ ਸੀਟ 'ਤੇ ਦਾਅਵਾ ਠੋਕਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ 100 ਫੀਸਦੀ ਇਸ ਸੀਟ 'ਤੇ ਜਿੱਤ ਪ੍ਰਾਪਤ ਕਰੇਗੀ।
ਸ਼ੇਰਗਿੱਲ ਨੇ ਟਕਸਾਲੀਆਂ ਦੇ ਉਮੀਦਵਾਰ ਬੀਰ ਦਵਿੰਦਰ ਨੂੰ ਜਵਾਬ ਦਿੰਦੇ ਕਿਹਾ ਕਿ ਜੇਕਰ ਟਕਸਾਲੀ ਸਿੱਖ ਚਿਹਰਾ ਹੋਣ ਦਾ ਦਾਅਵੇ ਕਰਦੇ ਹਨ ਤਾਂ ਉਹ ਵੀ ਇੱਕ ਸਿੱਖ ਚਿਹਰਾ ਹੀ ਹਨ। ਉਨ੍ਹਾਂ ਕਿਹਾ ਕਿ ਚੋਣਾਂ ਲਈ ਤਿਆਰੀਆਂ ਮੁਕੰਮਲ ਹਨ ਤੇ ਪਿੱਛੇ ਹਟਣ ਦਾ ਸਵਾਲ ਨਹੀਂ ਪੈਦਾ ਹੁੰਦਾ।