ਫਰੀਦਕੋਟ: ਪਿੰਡ ਘੁਗਿਆਣਾਂ ਦੇ ਵਾਸੀ ਦੇ ਪੰਚਾਇਤ ਪਿਛਲੇ ਕਰੀਬ ਤਿੰਨ ਦਿਨਾਂ ਤੋਂ ਪਿੰਡ ਦੀ ਹਦੂਦ ਅੰਦਰੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਠੇਕਾ ਪਿੰਡ ਦੇ ਮੇਨ ਚੌਕ ਵਿੱਚ ਬਣਿਆ ਹੋਇਆ ਹੈ। ਪਿੰਡ ਵਾਸੀਆਂ ਤੇ ਪੰਚਾਇਤ ਦਾ ਕਹਿਣਾ ਹੈ ਕਿ ਇਥੋਂ ਲੰਘ ਕੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਸਕੂਲ ਕਾਲਜ ਜਾਣ ਵਾਲੇ ਵਿਦਿਅਰਥੀ ਵੀ ਇਥੋਂ ਹੀ ਲੰਘਦੇ ਹਨ ਪਰ ਇਥੇ ਖੜੇ ਸ਼ਰਾਬੀ ਅਕਸਰ ਇਥੋਂ ਲੰਘਣ ਵਾਲੀਆਂ ਔਰਤਾਂ ਨੂੰ ਬੁਰੀ ਨਜ਼ਰ ਨਾਲ ਤਾੜਦੇ ਤੇ ਛੇੜਖਾਨੀਆਂ ਕਰਦੇ ਹਨ। ਇਸ ਕਾਰਨ ਪਿੰਡ ਦੀਆਂ ਔਰਤਾਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ।
ਲੋਕਾਂ ਨੇ ਦੱਸਿਆ ਕਿ ਇਸ ਠੇਕੇ ਨੂੰ ਪਿੰਡੋਂ ਬਾਹਰ ਕਢਵਾਉਣ ਲਈ ਉਹ ਪਿਛਲੇ 3 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਪਰ ਅੱਜ ਤਕ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜਦਕਿ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਤੇ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ।
ਪਿੰਡ ਵਾਸੀਆਂ ਨੇ ਰਸ ਪ੍ਰਗਟਾਇਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਕੀਤੀ ਹੋਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤਕ ਉਨ੍ਹਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਹ ਸ਼ਰਾਬ ਦਾ ਠੇਕਾ ਪਿੰਡ ਦੀ ਹਦੂਦ ਤੋਂ ਬਾਹਰ ਕੱਢਿਆ ਜਾਵੇ। ਇਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਜਿੰਨਾ ਚਿਰ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਨਹੀਂ ਹਟਾਇਆ ਜਾਂਦਾ, ਓਨਾ ਚਿਰ ਉਹ ਧਰਨਾ ਜਾਰੀ ਰੱਖਣਗੇ ਤੇ ਠੇਕਾ ਬੰਦ ਕਰਵਾ ਕੇ ਹੀ ਦਮ ਲੈਣਗੇ।