ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਨੂੰ ਤੋੜਨ ਦੇ ਮਾਮਲੇ 'ਤੇ ਪੰਜਾਬ ਏਕਤੀ ਪਾਰਟੀ ਨੇ ਵੀ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਅਸਤੀਫ਼ਾ ਮੰਗਿਆ ਹੈ। ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾ ਹੈ। ਯਾਦ ਰਹੇ ਬੀਤੇ ਦਿਨ 'ਆਪ' ਵਿਧਾਇਕਾਂ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਸੀ।


ਮੰਗਲਵਾਰ ਨੂੰ ਤਰਨ ਤਾਰਨ ਪਹੁੰਚੇ ਪੰਜਾਬ ਏਕਤਾ ਪਾਰਟੀ ਮੁਖੀ ਸੁਖਪਾਲ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਦੀ ਜੇਬ੍ਹ 'ਚੋਂ ਨਿਕਲੀ ਐਸਜੀਪੀਸੀ ਕੋਲ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਉਹ ਗੁਰੂ ਘਰਾਂ ਦੀ ਸੰਭਾਲ ਨਹੀਂ ਕਰ ਪਾ ਰਹੀ। ਉਨ੍ਹਾਂ ਕਮੇਟੀ 'ਤੇ ਇਲਜ਼ਾਮ ਲਾਇਆ ਕਿ ਉਹ ਅਜਿਹੇ ਡੇਰਿਆਂ ਨੂੰ ਸੇਵਾ ਦਿੰਦੀ ਹੈ ਜੋ ਕਾਰ ਸੇਵਾ ਦੇ ਨਾਂ 'ਤੇ ਦੇਸ਼ਾਂ-ਵਿਦੇਸ਼ਾਂ ਤੋਂ ਕਰੋੜਾਂ ਰੁਪਏ ਇਕੱਠੇ ਕਰਦੇ ਹਨ ਤੇ ਹੌਲ਼ੀ-ਹੌਲ਼ੀ ਸਿੱਖਾਂ ਦੀ ਪੁਰਾਤਨ ਵਿਰਾਸਤ ਖ਼ਤਮ ਕਰ ਰਹੇ ਹਨ।

ਖਹਿਰਾ ਨੇ ਐਸਜੀਪੀਸੀ ਨੂੰ ਭਵਿੱਖ ਵਿੱਚ ਸਾਰੇ ਗੁਰੂਘਰਾਂ ਦੀ ਸੇਵਾ ਆਪ ਕਰਨ ਤੇ ਕਿਸੇ ਵੀ ਡੇਰੇ ਕੋਲੋਂ ਕਾਰ ਸੇਵਾ ਨਾ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਐਸਜੀਪੀਸੀ ਨੂੰ ਪਿਛਲੇ 10 ਸਾਲਾਂ ਦੌਰਾਨ ਡੇਰਿਆਂ ਨੂੰ ਦਿੱਤੇ ਕਾਰ ਸੇਵਾ ਦੇ ਕਾਰਜਾਂ ਦੀ ਸੂਚੀ ਤੇ ਰਕਮ ਸਬੰਧੀ ਦਸਤਾਵੇਜ਼ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- 200 ਸਾਲ ਪੁਰਾਣੀ ਡਿਉਢੀ ਢਾਹੁਣ 'ਤੇ ਲੌਂਗੋਵਾਲ ਦੇ ਅਸਤੀਫ਼ੇ ਦੀ ਉੱਠੀ ਮੰਗ