ਅੰਮ੍ਰਿਤਸਰ: ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਲੈ ਕਿ ਕਿਸਾਨ ਅੰਦੋਲਨ ਜਾਰੀ ਹੈ।ਤਿੰਨੋਂ ਖੇਤੀ ਬਿੱਲ ਲੋਕ ਸਭਾ 'ਚ ਪਾਸ ਹੋ ਚੁੱਕੇ ਹਨ ਅਤੇ ਅੱਜ ਰਾਜ ਸਭਾ 'ਚ ਪੇਸ਼ ਕੀਤੇ ਜਾਣਗੇ।ਉਧਰ ਕਿਸਾਨ ਜੱਥੇਬੰਦੀਆਂ ਵਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਸ਼ਨੀਵਾਰ ਨੂੰ ਪਿੰਡ ਮੂਧਲ ਵਿਖੇ ਇੱਕ ਕਿਸਾਨ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਮੋਬਾਇਲ ਟਾਵਰ ਤੇ ਚੜ੍ਹ ਗਿਆ।ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।


50 ਸਾਲਾ ਕਿਸਾਨ ਬਖਤਾਵਰ ਸਿੰਘ ਪਿੰਡ ਹਰੀਆਂ ਮਜੀਠਾ ਦਾ ਰਹਿਣ ਵਾਲਾ ਹੈ।ਖੇਤੀ ਬਿੱਲਾਂ ਦੀ ਵਿਰੋਧਤਾ ਕਰਦੇ ਕਿਸਾਨ ਨੇ ਇਹ ਕਦਮ ਚੁੱਕਿਆ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਇੱਕ ਮੋਬਾਇਲ ਟਾਵਰ ਤੇ ਚੜ੍ਹ ਜਾਨ ਦੇਣ ਦੀ ਗੱਲ ਕਹੀ।ਪ੍ਰਸ਼ਾਸਨ ਨੂੰ ਇਸ ਤੋਂ ਬਾਅਦ ਹੱਥਾਂ ਪੈਰਾਂ ਦੀ ਪਈ ਅਤੇ ਅੰਮ੍ਰਿਤਸਰ ਪੁਲਿਸ ਦਿਹਾਤੀ ਦੀ 4 ਘੰਟੇ ਦੀ ਮੁਸ਼ਕਤ ਤੋਂ ਬਾਅਦ ਕਿਸਾਨ ਨੂੰ ਹੇਠਾਂ ਉਤਾਰਿਆ ਗਿਆ।


ਬਖਤਾਵਰ ਸਿੰਘ ਨੇ ਕਿਹਾ ਕਿ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਹੈ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਸੰਬਧੀ ਵਿਰੋਧਤਾ ਜਤਾਉਂਦਿਆਂ ਮੋਬਾਇਲ ਟਾਵਰ ਤੇ ਚੜ ਗਿਆ ਸੀ।