ਮੋਗਾ: ਜ਼ਿਲ੍ਹਾ ਮੋਗਾ ਦੇ ਕਸਬੇ ਧਰਮਕੋਟ ਵਿੱਚ ਪਿੰਡ ਫਿਰੋਜ਼ਵਾਲਾ ਬਾਡਾ ਦੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਧਰਮਕੋਟ ਦੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਭਗਵਾਨ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਪਿੰਡ ਦੇ ਕੁਝ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਭਗਵਾਨ ਸਿੰਘ ਨੇ ਲੋਕਾਂ ਦੀ 7 ਲੱਖ ਰੁਪਏ ਦੇ ਕਰਜ਼ਾ ਸੀ ਪਰ ਖੇਤੀਬਾੜੀ ਵਿੱਚ ਹਰ ਸਾਲ ਪੈ ਰਹੇ ਘਾਟੇ ਕਾਰਨ ਕਰਜ਼ੇ ਦਾ ਬੋਝ ਘਟਣ ਦੀ ਬਜਾਇ ਵਧਦਾ ਗਿਆ ਜਿਸ ਕਰਕੇ ਉਹ ਬੇਹੱਦ ਪ੍ਰੇਸ਼ਾਨ ਰਹਿੰਦਾ ਸੀ।

ਮ੍ਰਿਤਕ ਕਿਸਾਨ ਦੇ ਭਰਾ ਨੇ ਦੱਸਿਆ ਕਿ ਕੱਲ੍ਹ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਕਿਸੇ ਗਏ ਹੋਏ ਸਨ ਤਾਂ ਪਿੱਛੋਂ ਭਗਵਾਨ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਕਿਸਾਨ ਨੂੰ ਮ੍ਰਿਤਕ ਐਲਾਨ ਦਿੱਤਾ। ਫਿਰੋਜ਼ਵਾਲਾ ਬਾਡਾ ਦੇ ਸਰਪੰਚ ਗੁਰਮੇਜ ਸਿੰਘ ਨੇ ਦੱਸਿਆ ਕਿ ਭਗਵਾਨ ਸਿੰਘ ਦੀ ਉਮਰ ਮਹਿਜ਼ 35 ਸਾਲ ਸੀ ਉਸ ਦੇ 2 ਬੱਚੇ ਵੀ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 2 ਸਾਲ ਹੈ।

ਦੱਸਿਆ ਜਾਂਦਾ ਹੈ ਕਿ ਭਗਵਾਨ ਸਿੰਘ ਕਰਜ਼ਾ ਲੈ ਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ ਪਰ ਏਜੰਟਾਂ ਦੀ ਧੋਖਾਧੜੀ ਕਾਰਨ ਉਸਨੂੰ ਦੋਹਰੀ ਮਾਰ ਸਹਿਣੀ ਪਈ। ਪੁਲਿਸ ਨੇ ਮ੍ਰਿਤਕ ਕਿਸਾਨ ਦੇ ਭਰਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।