ਮਾਨਸਾ: ਮਾਨਸਾ ਜ਼ਿਲੇ ਦੇ ਪਿੰਡ ਗੇਹਲੇ 'ਚ ਆਰਥਿਕ ਮੰਦਹਾਲੀ ਦੇ ਚਲਦਿਆਂ ਇਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 35 ਸਾਲਾ ਕਿਸਾਨ ਸਿਮਰਜੀਤ ਸਿੰਘ ਦੇ ਸਿਰ ਪੰਜ ਲੱਖ ਰੁਪਏ ਦਾ ਕਰਜ਼ਾ ਸੀ ਤੇ ਉਹ ਦੋ ਕਨਾਲ ਜ਼ਮੀਨ ਦਾ ਮਾਲਕ ਸੀ। ਜਾਣਕਾਰੀ ਮੁਤਾਬਕ ਸਿਮਰਜੀਤ ਸਿੰਘ ਨੇ ਆਪਣੀ ਕੈਂਸਰ ਤੋਂ ਪੀੜਤ ਮਾਂ ਦੇ ਇਲਾਜ ਤੇ ਕਾਫੀ ਪੈਸਾ ਖਰਚ ਕੀਤਾ। ਘਰ ਦੀ ਨਿੱਘਰ ਰਹੀ ਆਰਥਿਕ ਹਾਲਤ ਤੋਂ ਪਰੇਸ਼ਾਨ ਹੋ ਕੇ ਸਿਮਰਜੀਤ ਸਿੰਘ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਪਰਿਵਾਰ 'ਚ ਪਿੱਛੇ ਇਕ ਭਰਾ ਤੇ ਬਜ਼ੁਰਗ ਪਿਤਾ ਬਚੇ ਹਨ। ਪਰਿਵਾਰ ਵਾਲਿਆਂ ਨੇ ਸਰਕਾਰ ਕੋਲ ਆਰਥਿਕ ਮਦਦ ਤੇ ਕਰਜ਼ ਮੁਆਫੀ ਦੀ ਗੁਹਾਰ ਲਾਈ ਹੈ। ਪੁਲਿਸ ਨੇ  ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।