ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ 'ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚਲੀਆਂ ਬਾਕੀ ਮੰਨਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 430 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕਿਹਾ ਕਿ ਬੀਜੇਪੀ ਨੇਤਾ ਤੇ ਕੇਂਦਰੀ ਮੰਤਰੀ ਲਗਾਤਾਰ ਇਹ ਬਿਆਨ ਦੇ ਰਹੇ ਹਨ ਕਿ 'ਕਾਨੂੰਨ ਚੰਗੇ ਸਨ,ਬਸ ਕੁੱਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ' ਜੋ ਬਹੁਤ ਖਤਰਨਾਕ ਗੱਲ ਹੈ।  ਅਸਲ 'ਚ ਸਰਕਾਰ ਨੇ ਆਪਣੇ ਕਾਰਪੋਰੇਟ-ਪੱਖੀ ਏਜੰਡੇ ਨੂੰ ਤਿਆਗਿਆ ਨਹੀ, ਬਸ ਕਿਸਾਨ ਅੰਦੋਲਨ ਦੇ ਦਬਾਅ ਹੇਠ ਕੁੱਝ ਸਮੇਂ ਲਈ ਅੱਗੇ ਪਾਇਆ ਹੈ। ਸਰਕਾਰ ਭਵਿੱਖ ਵਿੱਚ ਵੀ ਅਜਿਹੇ ਖੇਤੀ ਕਾਨੂੰਨ ਕਿਸੇ ਬਦਲਵੇਂ ਤੇ ਲੁਕਵੇਂ ਰੂਪ ਵਿੱਚ ਲਿਆ ਸਕਦੀ ਹੈ। ਇਸ ਲਈ ਸਾਨੂੰ ਲਗਾਤਾਰ ਚੌਕਸ ਰਹਿਣਾ ਪਵੇਗਾ ਤਾਂ ਜੋ ਸਰਕਾਰ ਭਵਿੱਖ ਵਿੱਚ ਅਜਿਹੇ ਕਾਨੂੰਨ ਫਿਰ ਤੋਂ ਨਾ ਲੈ ਆਵੇ ।
   ਅੱਜ ਬੁਲਾਰਿਆਂ ਨੇ ਪੰਜਾਬ ਦੇ ਇੱਕ ਬੀਜੇਪੀ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ  ਜਿਸ ਵਿੱਚ ਉਸ ਨੇ ਕਿਹਾ ਸੀ ਕਿ ਸਿਰਫ ਦੇਸ਼ ਦੀਆਂ ਸਰਹੱਦਾਂ  'ਤੇ ਸ਼ਹੀਦ ਹੋਣ ਵਾਲਿਆਂ ਨੂੰ ਹੀ ਸ਼ਹੀਦ ਕਿਹਾ ਜਾਂਦਾ ਹੈ। ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਅਤੇ ਇਸ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਵਾਰ ਜਾਣ ਵਾਲੇ  ਸਾਡੇ ਸਤਿਕਾਰਯੋਗ ਸ਼ਹੀਦ ਹਨ। ਅਜਿਹੇ ਬੇਤੁਕੇ ਬਿਆਨ ਦੇ ਕੇ ਬੀਜੇਪੀ ਨੇਤਾ ਸਾਡੇ ਸ਼ਹੀਦਾਂ ਦਾ ਅਪਮਾਨ ਨਾ ਕਰਨ ਅਤੇ ਸਾਡੇ ਜਖਮਾਂ 'ਤੇ ਨਮਕ ਨਾ ਛਿੜਕਣ। ਸਰਕਾਰ ਉਨ੍ਹਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਵੇ।
      ਅੱਜ ਧਰਨੇ ਨੂੰ  ਕਰਨੈਲ ਸਿੰਘ ਗਾਂਧੀ, ਬਲਜੀਤ ਸਿੰਘ ਚੌਹਾਨਕੇ,ਪਰਮਜੀਤ ਕੌਰ ਠੀਕਰੀਵਾਲਾ,  ਗੁਰਨਾਮ ਸਿੰਘ ਠੀਕਰੀਵਾਲਾ, ਅਮਰਜੀਤ ਕੌਰ, ਕੁਲਵੰਤ ਸਿੰਘ ਭਦੌੜ, ਪ੍ਰੇਮਪਾਲ ਕੌਰ,ਸਾਹਿਬ ਸਿੰਘ ਬਡਬਰ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਇਸ ਗੱਲ 'ਤੇ ਤਸੱਲੀ ਪਰਗਟ ਕੀਤੀ ਕਿ ਕੱਲ੍ਹ ਕੰਗਨਾ ਰਣੌਤ ਨੇ ਕਿਸਾਨ ਅੰਦੋਲਨਕਾਰੀ ਔਰਤਾਂ ਤੋਂ ਮਾਫੀ ਮੰਗ ਲਈ। ਕੰਗਨਾ ਨੇ ਅੰਦੋਲਨਕਾਰੀ ਔਰਤਾਂ ਖਿਲਾਫ ਬਹੁਤ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ । ਉਸ ਨੇ ਔਰਤਾਂ ਨੂੰ 100 ਰੁਪਏ ਦੇ ਭਾੜੇ 'ਤੇ ਆਉਣ ਵਾਲੀਆਂ  ਔਰਤਾਂ ਤੱਕ ਕਿਹਾ ਸੀ। ਕਿਸਾਨ ਬੀਬੀਆਂ ਉਸ ਦੀਆਂ ਟਿੱਪਣੀਆਂ ਦੀ ਚੀਸ ਅੱਜ ਤੱਕ  ਮਹਿਸੂਸ ਕਰ ਰਹੀਆਂ ਸਨ। ਕੱਲ੍ਹ ਕੰਗਨਾ ਵੱਲੋਂ ਮਾਫੀ ਮੰਗ ਲੈਣ ਬਾਅਦ ਹੁਣ ਇਹ ਚੀਸ ਦੀ ਪੀੜ ਤੋਂ ਕੁੱਝ ਰਾਹਤ ਮਹਿਸੂਸ ਹੋਈ ਹੈ।  ਅਸੀਂ ਕਿਸੇ ਨੂੰ ਵੀ ਅੰਦੋਲਨਕਾਰੀਆਂ ਦਾ ਅਪਮਾਨ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅੱਜ ਪੱਤੀ ਰੋਡ ਬਰਨਾਲਾ ਦੀ ਸੰਗਤ ਨੇ ਖੀਰ ਦੇ ਲੰਗਰ ਦੀ ਸੇਵਾ ਨਿਭਾਈ। ਪ੍ਰੇਮਪਾਲ ਕੌਰ ਤੇ ਬਲਦੇਵ ਸਿੰਘ ਸਹਿਣਾ ਨੇ ਗੀਤ ਸੁਣਾਏ। ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।


ਇਹ ਵੀ ਪੜ੍ਹੋ: Farmer Protest : ਧਰਨੇ ਦਾ 430 ਵਾਂ ਦਿਨ, ਕਾਨੂੰਨ ਚੰਗੇ ਸਨ, ਕੁੱਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ' ਵਾਲਾ ਰਾਗ ਅਲਾਪਣਾ ਬੰਦ ਕਰੇ ਸਰਕਾਰ: ਕਿਸਾਨ ਆਗੂ












 

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:











https://play.google.com/store/


https://apps.apple.com/in/app/811114904