ਫਿਰੋਜ਼ਪੁਰ: ਮਾਨਸਾ ਤੇ ਫਿਰੋਜ਼ਪੁਰ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਦੋ ਕਿਸਾਨਾਂ ਨੇ ਕੁਦਕੁਸ਼ੀ ਕਰ ਲਈ। ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਦੇ ਪਿੰਡ ਸ਼ਕੂਰ ਵਾਸੀ ਗੁਰਪਿੰਦਰ ਸਿੰਘ `ਤੇ 6 ਲੱਖ ਰੁਪਏ ਆੜ੍ਹਤੀ ਤੇ ਲਿਮਟ ਦਾ ਕਰਜ਼ਾ ਸੀ। ਕਰਜ਼ਾ ਨਾ ਮੋੜ ਸਕਣ ਦੀ ਸੂਰਤ ਵਿੱਚ ਆਖਰ ਕਿਸਾਨ ਨੇ ਨਹਿਰ ਵਿੱਚ ਡੁੱਬ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਖੇਤੀ ਵਿੱਚ ਲਗਾਤਾਰ ਖਰਚ ਨਾਲੋਂ ਘੱਟ ਆਮਦਨੀ ਸਦਕਾ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਸੀ। ਕੁਝ ਸਮਾਂ ਪਹਿਲਾਂ ਗੁਰਪਿੰਦਰ ਸਿੰਘ ਨੇ ਆਪਣੀ ਕੁੜੀ ਦੇ ਵਿਆਹ ਲਈ ਵੀ ਥੋੜ੍ਹਾ ਕਰਜ਼ ਚੁੱਕਿਆ ਸੀ।
ਕਰਜ਼ਾ ਮੋੜਣ ਦੇ ਸਮੱਰਥ ਨਾ ਹੋਣ ਕਰਕੇ ਉਸ ਨੇ ਅੱਜ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਵਿੱਚ ਫਸਲ ਘੱਟ ਹੋਣ ਦੇ ਨਾਲ-ਨਾਲ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨ ਕਰਜ਼ਾ ਲਾਹੁਣਾ ਤਾਂ ਦੂਰ ਦੀ ਗੱਲ ਵਿਆਜ਼ ਲਾਹੁਣ ਤੋਂ ਵੀ ਅਸਮਰਥ ਹੋ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਮੌਤ ਗਲ ਲਾਉਣੀ ਪੈਂਦੀ ਹੈ।
ਕਿਸਾਨ ਦੀ ਮੌਤ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਖੁਦਕਸ਼ੀ ਦਾ ਕਾਰਨ ਕਰਜ਼ਾ ਦੱਸਿਆ ਜਾ ਰਿਹਾ ਹੈ। ਉਸ ਨੇ ਕਰਜ਼ਾ ਮੋੜਨ ਤੋਂ ਅਸਮਰਥ ਦੇਖਦਿਆਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।
ਮਾਨਸਾ 'ਚ ਕਿਸਾਨ ਵੱਲੋਂ ਖੁਦਕੁਸ਼ੀ
ਮਾਨਸਾ: ਕਰਜ਼ਾਈ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮਾਨਸਾ ਜ਼ਿਲ੍ਹੇ ਦੇ ਪਿੰਡ ਡਾਂਡੀਆ ਦੇ ਕਿਸਾਨ ਜਗਰੂਪ ਸਿੰਘ ਕੋਲ ਤਿੰਨ ਏਕੜ ਜ਼ਮੀਨ ਸੀ। ਇਸ ਦੇ ਸਿਰ ਪੰਜ ਲੱਖ ਦੇ ਕਰੀਬ ਕਰਜ਼ਾ ਸੀ। ਕਰਜ਼ਾ ਮੋੜਨ ਤੋਂ ਅਸਮਰੱਥ ਹੋਣ ਕਰਕੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।