ਤਰਨ ਤਾਰਨ: ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਨਵੇਂ ਸਾਲ 'ਚ ਵੀ ਜਾਰੀ ਹੈ। ਕਿਸਾਨ ਲਗਾਤਾਰ ਦਿੱਲੀ ਦੀਆਂ ਹੱਦਾਂ ਤੇ ਬੈਠੇ ਧਰਨਾ ਦੇ ਰਹੇ ਹਨ। ਇਸੇ ਦੌਰਾਨ ਅੱਜ ਤਰਨ ਤਾਰਨ 'ਚ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵਲੋਂ ਭਾਜਪਾ ਆਗੂਆਂ ਦੇ ਕੰਮਕਾਜ ਵਾਲੇ ਅਦਾਰਿਆਂ ਦੇ ਬਾਹਰ ਧਰਨੇ ਲੱਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ।

ਰੇਲ ਰੋਕੋ ਅੰਦੋਲਨ ਨੂੰ ਅੱਜ 100 ਦਿਨ ਪੂਰੇ ਹੋ ਗਏ ਹਨ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੇ ਖਿਲਾਫ ਬੋਲਣ ਤੋਂ ਗੁਰੇਜ ਨਹੀਂ ਕੀਤਾ ਜਾ ਰਿਹਾ। ਅੱਜ ਕਿਸਾਨ ਜਥੇਬੰਧੀ ਵਲੋਂ ਤਰਨ ਤਾਰਨ ਦੇ ਭਾਜਪਾ ਆਗੂ ਦੇ ਕੱਪੜੇ ਦੇ ਮਾਲ ਦੇ ਬਾਹਰ ਸੰਕੇਤਕ ਧਰਨਾ ਲਾਇਆ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦਾ ਵਿਰੋਧ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਆਗੂਆਂ ਦੇ ਘਰਾਂ,  ਦਫਤਰਾਂ ਤੇ ਵਪਾਰਕ ਅਧਾਰਿਆਂ ਦੇ ਬਾਹਰ ਅਣਮਿਥੇ ਸਮੇਂ ਲਈ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ।

ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਤੇ ਵਿਰੋਧ ਕਰਦੇ ਹੋਏ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।