ਚੰਡੀਗੜ੍ਹ: ਪੰਜਾਬ  ਦੇ ਸਰਹੱਦੀ ਸ਼ਹਿਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਟੇਲਾਂ ’ਤੇ ਵੱਸਣ ਵਾਲੇ ਕਰੀਬ ਅੱਧਾ ਦਰਜਨ ਪਿੰਡਾਂ  ਦੇ ਕਿਸਾਨਾਂ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ ਕੀਤਾ ਹੈ। ਇਨ੍ਹਾਂ ਪਿੰਡਾਂ ਨੂੰ ਫਸਲਾਂ ਦੀ ਬਿਜਾਈ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੇਲਾਂ ਉੱਤੇ ਪਾਣੀ ਪੂਰਾ ਨਾ ਹੋਣ ਕਾਰਨ ਕਿਸਾਨਾਂ ਨੂੰ ਖੇਤੀ ਲਈ ਡੀਜ਼ਲ ’ਤੇ ਹਜ਼ਾਰਾਂ ਰੁਪਏ ਖਰਚ ਕਰਕੇ ਫਸਲਾਂ ਦਾ ਪਾਣੀ ਪੂਰਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰਾਂ ਵਿੱਚ ਪਿਛਲੇ ਪਿੰਡਾਂ ਵੱਲੋਂ ਸ਼ਰ੍ਹੇਆਮ ਪਾਣੀ ਦੀ ਚੋਰੀ ਕੀਤੀ ਜਾਂਦੀ ਹੈ ਪਰ ਅੱਜ ਤਕ ਕਿਸੇ ਉੱਤੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ।


ਪਾਣੀ ਦੀ ਸਮੱਸਿਆ ਸਬੰਧੀ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਵੀ ਲਾਇਆ ਗਿਆ ਸੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਉਠਵਾ ਦਿੱਤਾ ਸੀ, ਪਰ ਹੋਇਆ ਕੁਝ ਨਹੀਂ। ਇਸ ਪਿੱਛੋਂ ਹੁਣ ਅੱਜ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਆਗਾਮੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆ, ਓਦੋਂ ਤਕ ਨਾ ਹੀ ਕੋਈ ਵੋਟ ਪਾਏਗਾ ਤੇ ਨਾ ਹੀ ਕਿਸੇ ਪਾਰਟੀ ਦੇ ਨੁਮਾਂਇੰਦੇ ਨੂੰ ਪਿੰਡ ਵਿੱਚ ਦਾਖਲ ਹੋਣ ਦਿੱਤਾ ਜਾਏਗਾ।

ਇਸ ਮੌਕੇ ਇਕੱਤਰ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਝੂਠਾ ਭਰੋਸਾ ਦੇਣ ਤੇ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਕਰਨ ਦੇ ਵਿਰੋਧ ’ਚ ਸਰਕਾਰ ਖਿਲਾਫ ਨਾਅਰੇਬਾਜੀ ਤੇ ਰੋਸ ਪ੍ਰਦਰਸ਼ਨ ਕੀਤ। ਕਿਸਾਨਾਂ ਨੇ ਦੱਸਿਆ ਕਿ ਜਦ ਤਕ ਨਹਿਰਾਂ ਦੇ ਪਾਣੀ ਸਾਲ ਭਰ ਲਈ ਪੂਰਾ ਨਹੀਂ ਕੀਤਾ ਜਾਂਦਾ, ਤਦ ਤਕ ਉਨ੍ਹਾਂ ਵੱਲੋਂ ਸਾਰੀਆਂ ਚੋਣਾਂ ਦਾ ਬਾਈਕਾਟ ਹੀ ਰਹੇਗਾ।