ਬਰਨਾਲਾ: ਲੋਕ ਸੰਗਰਾਮ ਮੋਰਚਾ ਨੇ ਅੱਜ ਤਰਕਸ਼ੀਲ ਭਵਨ ਬਰਨਾਲਾ 'ਚ ਵਿਧਾਨ ਸਭਾ ਦੀਆਂ ਵੋਟਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾਉਣ ਲਈ ਪੰਜਾਬ ਦੀਆਂ ਹਮਖਿਆਲ ਜਥੇਬੰਦੀਆਂ ਦੀ ਮੀਟਿੰਗ ਬੁਲਾਈ।ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, SFS, DSO ਪੰਜਾਬ ਆਦਿ ਜਥੇਬੰਦੀਆਂ ਸ਼ਾਮਿਲ ਹੋਈਆਂ।
ਮੀਟਿੰਗ ਵਿੱਚ ਵੋਟ ਬਾਈਕਾਟ ਮੁੱਦੇ ਤੇ ਭਰਵੀਂ ਬਹਿਸ ਹੋਈ। ਬਹਿਸ ਉਪਰੰਤ ਇਸ ਸਿੱਟੇ ਤੇ ਪੁੱਜੇ ਕਿ ਕਹਿਣ ਨੂੰ ਭਾਵੇਂ ਜਮਹੂਰੀ ਤਰੀਕੇ ਨਾਲ ਸਰਕਾਰ ਚੁਣੀ ਜਾਂਦੀ ਹੈ ਪਰ ਸਾਡੇ ਸਿਸਟਮ ਵਿਚ ਵੋਟਾਂ ਪੈਸੇ ਵੰਡਕੇ, ਨਸ਼ੇ ਵੰਡਕੇ ਅਤੇ ਬਾਹੂਬਲ ਨਾਲ ਜਿੱਤਿਆ ਜਾਦੀਆਂ ਹਨ। 70 ਸਾਲਾਂ ਦਾ ਤਜ਼ਰਬਾ ਇਹੀ ਦਿਖਾਉਂਦਾ ਹੈ ਕਿ ਅਜਿਹੀਆਂ ਚੋਣਾਂ ਨਾਲ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ।ਗੱਦੀਆਂ ਤੇ ਬੈਠਕੇ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਜਾਂਦਾ ਹੈ। ਦੇਸ਼ ਦੇ ਦੁਸ਼ਮਣ, ਜਗੀਰਦਾਰਾਂ, ਦਲਾਲ ਨੌਕਰਸ਼ਾਹ ਸਰਮਾਏਦਾਰਾਂ ਅਤੇ ਸਾਮਰਾਜੀਆਂ ਲਈ ਲੁੱਟਣ ਦਾ ਰਾਹ ਪੱਧਰਾ ਕਰ ਦਿੱਤਾ ਜਾਂਦਾ ਹੈ।
ਬਹਿਸ ਉਪਰੰਤ ਇਸ ਸਿੱਟੇ ਤੇ ਪੁੱਜਿਆ ਗਿਆ ਕਿ ਅਸਲ ਤਾਕਤ ਲੋਕਾਂ ਦੇ ਇਕੱਠ ਵਿੱਚ ਹੁੰਦੀ ਹੈ, ਇਹ ਦਿੱਲੀ ਮੋਰਚੇ ਨੇ ਸਾਬਤ ਕਰ ਦਿੱਤਾ ਹੈ। ਚੋਣਾਂ ਸਾਡੇ ਜਮਾਤੀ ਏਕੇ ਨੂੰ ਸੰਨ ਲਾਉਂਦੀਆਂ ਹਨ। ਸਾਨੂੰ ਅਕਾਲੀ, ਕਾਂਗਰਸੀ, ਆਪ ਅਤੇ ਭਾਜਪਾ ਵਿੱਚ ਵੰਡਦੀਆਂ ਹਨ।
ਆਗੂਆ ਵਲੋਂ ਵੋਟਾਂ ਦਾ ਬਾਈਕਾਟ ਕਰਕੇ ਜ਼ਮੀਨੀ ਇਨਕਲਾਬੀ ਘੋਲ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਮਜ਼ਦੂਰ ਖ਼ਪਤ ਵਾਲੀ ਸਨਅਤ, ਸਨਅਤੀ ਮਜ਼ਦੂਰਾਂ ਦੀ ਰਾਖੀ ਲਈ ਕਨੂੰਨ ਬਣਾਉਣ ਅਤੇ ਪਿੰਡਾਂ ਵਿੱਚ ਲੋਕ ਤਾਕਤ ਦਾ ਕਿਲ੍ਹਾ ਉਸਾਰਨ ਲਈ ਜੱਦੋ-ਜਹਿਦ ਤੇਜ਼ ਕਰ ਦੇਣੀ ਚਾਹੀਦੀ ਹੈ। ਇਸ ਮੀਟਿੰਗ ਵਿੱਚ 17 ਅਤੇ 19 ਜਨਵਰੀ ਨੂੰ ਆਗੂਆਂ ਦੀਆਂ ਕਨਵੈਨਸ਼ਨ ਮੀਟਿੰਗਾਂ ਅਤੇ 6 ਫ਼ਰਵਰੀ 2022 ਨੂੰ ਸੂਬਾ ਪੱਧਰੀ ਵੋਟ ਬਾਈਕਾਟ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :