ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ।ਕੇਜਰੀਵਾਲ ਨੇ ਅੱਜ ਮੁਹਾਲੀ ਕਲੱਬ 'ਚ ਪ੍ਰੈੱਸ ਕਾਨਫਰੰਸ ਕੀਤੀ।ਇਸ ਮਗਰੋਂ ਅੱਜ ਸ਼ਾਮ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਖਰੜ 'ਚ  ਡੋਰ-ਟੂ-ਡੋਰ ਚੋਣ ਪ੍ਰਚਾਰ ਵੀ ਕੀਤਾ।ਜਿਸ ਮਗਰੋਂ SDM ਖਰੜ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਹੈ।ਆਪ ਨੂੰ ਇਹ ਨੋਟਿਸ 5 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਮਗਰੋਂ ਜਾਰੀ ਕੀਤਾ ਗਿਆ ਹੈ।ਇਸ ਦੇ ਲਈ ਆਪ ਕੋਲੋਂ 24 ਘੰਟੇ ਅੰਦਰ ਜਵਾਬ ਤਲਬ ਕੀਤਾ ਗਿਆ ਹੈ।


ਦਸ ਦੇਈਏ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ।ਖਰੜ 'ਚ ਕੇਜਰੀਵਾਲ ਦੇ ਪ੍ਰਚਾਰ 'ਤੇ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਨੋਟਿਸ 'ਤੇ ਅਕਾਲੀ ਆਗੂ ਚੰਦੂਮਾਜਰਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ ਪਾਰਟੀਆਂ ਦੀ ਮੁਹਿੰਮ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਚੋਣ ਕਮਿਸ਼ਨ ਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਲੱਭਣਾ ਚਾਹੀਦਾ ਹੈ ਤਾਂ ਜੋ ਪਾਰਟੀਆਂ ਪ੍ਰਚਾਰ ਕਰ ਸਕਣ।


ਅੱਜ ਮੋਹਾਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ  ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਲੋਕ ਖੁਸ਼ ਹਨ ਕਿ ਉਨ੍ਹਾਂ ਨੂੰ ਪੰਜਾਬ ਨੂੰ ਬਦਲਣ ਦਾ ਮੌਕਾ ਮਿਲ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਮਗਰੋਂ ਪੰਜਾਬ ਮਾਡਲ ਪੇਸ਼ ਕੀਤਾ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਵਿਕਾਸ ਵਾਲਾ ਪੰਜਾਬ ਬਣਾਏਗੀ ਜੋ 10 ਏਜੰਡਿਆਂ ‘ਤੇ ਟਿਕੀ ਹੋਵੇਗੀ।


ਕੀ ਹਨ ‘ਆਪ’ ਦੇ ਪੰਜਾਬ ਮਾਡਲ ਦੇ 10 ਏਜੰਡੇ
ਰੁਜ਼ਗਾਰ- ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਵਿਦੇਸ਼ ਗਏ ਪੰਜਾਬ ਦੇ ਬੱਚੇ 5 ਸਾਲਾਂ 'ਚ ਵਾਪਸ ਆਉਣਗੇ।
 
ਨਸ਼ਾ- ਪੰਜਾਬ ਦੀ ਜਵਾਨੀ ਨਸ਼ੇ ‘ਚ ਡੁੱਬੀ ਹੋਈ ਹੈ, ਨਸ਼ਾ ਮਾਫੀਆ ਨੂੰ ਪੰਜਾਬ ਵਿੱਚੋਂ ਖਤਮ ਕਰਕੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ।


ਕਾਨੂੰਨ ਵਿਵਸਥਾ ਕਾਇਮ ਕਰਨਾ- ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ ਤੇ ਪੰਜਾਬ ‘ਚ ਸ਼ਾਤੀ ਵਿਵਸਥਾ ਕਾਇਮ ਕੀਤੀ ਜਾਵੇਗੀ ਤੇ ਆਪਸੀ ਭਾਈਚਾਰਕ ਸਾਂਝੀ ਨੂੰ ਤਰਜੀਹ ਦਿੱਤੀ ਜਾਵੇਗੀ।


ਭ੍ਰਿਸ਼ਟਾਚਾਰ ਮੁਕਤ ਪੰਜਾਬ - ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਤੇ ਸਾਢੇ 3 ਲੱਖ ਕਰੋੜ ਦਾ ਕਰਜ਼ਾ ਹੈ। ਅਫਸਰਾਂ ਦੀ ਮਿਲੀਭੁਗਤ ਖਤਮ ਕਰਕੇ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ।


ਸਿੱਖਿਆ-ਪੰਜਾਬ ਦੀ ਸਿੱਖਿਆ ਦੀ ਹਾਲਤ ਸੁਧਾਰੀ ਜਾਵੇਗੀ। ਸਿੱਖਿਆ ਵਿਵਸਥਾ ਬਦਲੀ ਜਾਵੇਗੀ।


ਸਿਹਤ -ਦਿੱਲੀ ਵਾਂਗ ਪੰਜਾਬ ‘ਚ ਵੀ ਸ਼ਾਨਦਾਰ ਸਰਕਾਰੀ ਹਸਪਤਾਲ ਬਣਾਏ ਜਾਣਗੇ।


ਬਿਜਲੀ- ਪੰਜਾਬ ‘ਚ ਬਣਨ ਦੇ ਬਾਵਜੂਦ ਲੋਕ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। 24 ਘੰਟੇ ਬਿਜਲੀ ਦਿੱਤੀ ਜਾਵੇਗੀ।


ਮਹਿਲਾਵਾਂ ਨੂੰ 1000 ਰੁਪਏ- ‘ਆਪ’ ਦੀ ਸਰਕਾਰ ਆਉਣ ਤੇ 18 ਸਾਲ ਤੋਂ ਉੱਪਰ ਹਰ ਮਹਿਲਾ ਦੇ ਖਾਤੇ ‘ਚ 1000 ਰੁਪਏ ਆਉਣਗੇ।


ਕਿਸਾਨੀ ਮਸਲੇ ਦਾ ਹੱਲ- ਸਰਕਾਰ ਬਣਨ ‘ਤੇ ਕਿਸਾਨੀ ਮਸਲਿਆਂ ਦਾ ਹੱਲ ਜਲਦ ਕੱਢਿਆ ਜਾਵੇਗਾ।


ਵਪਾਰ ਤੇ ਇੰਡਸਟ੍ਰੀਜ਼- ਰੇਡ ਰਾਜ ਖਤਮ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਵਾਂਗੇ।


ਟਿਕਟਾਂ ਵੇਚਣ ‘ਤੇ ਬੋਲੇ ਕੇਜਰੀਵਾਲ
ਟਿਕਟਾਂ ਵੇਚਣ ਦੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਵੀ ਟਿਕਟ ਵੇਚੀ ਨਹੀਂ ਗਈ ਜੇ ਵੇਚੀ ਗਈ ਤਾਂ ਸਾਬਤ ਕਰ ਦਿਓ ਤੇ ਸਬੂਤਾਂ ਨਾਲ ਜੇਕਰ ਇਹ ਸਾਬਤ ਹੋ ਗਿਆ ਤਾਂ 24 ਘੰਟਿਆਂ ਦੇ ਅੰਦਰ ਉਸ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਤੇ ਜੇਲ੍ਹ ਤੱਕ ਵੀ ਉਨ੍ਹਾਂ ਦਾ ਪਿੱਛਾ ਕਰਾਂਗਾ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ‘ਚ ਇਹ ਇਲਜ਼ਾਮ ਲਗਾਏ ਜਾਂਦੇ ਹਨ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ‘ਚ ਜੇਕਰ ਇੱਕ ਵੀ ਟਿਕਟ ਵਿਕੀ ਤਾਂ ਉਹ ਸੀਟ ਭਾਵੇਂ ਖਾਲੀ ਛੱਡਣੀ ਪੈ ਜਾਵੇ ਪਰ ਉਸ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ।


ਰਾਜੇਵਾਲ ਨੇ ਮੰਗੀਆਂ ਸੀ 60 ਟਿਕਟਾਂ
ਕੇਜਰੀਵਾਲ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਨੇ ਉਨ੍ਹਾਂ ਤੋਂ 60 ਟਿਕਟਾਂ ਮੰਗੀਆਂ ਸਨ ਪਰ ਤਦ ਤੱਕ ਅਸੀਂ 90 ਟਿਕਟਾਂ ਦੀ ਵੰਡ ਕਰ ਚੁੱਕੇ  ਸੀ। ਉੱਥੇ ਹੀ ਸੀਐਮ ਚਿਹਰੇ ਦੇ ਨਾਂ ਤੋਂ ਵੀ ਕੇਜਰੀਵਾਲ ਅਗਲੇ ਹਫਤੇ ਪਰਦਾ ਚੁੱਕਣਗੇ। ਇਸ ਦਾ ਐਲਾਨ ਵੀ ਪ੍ਰੈੱਸ ਵਾਰਤਾ ਦੌਰਾਨ ਕੀਤਾ ਗਿਆ।


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ