ਬਠਿੰਡਾ: ਬਠਿੰਡਾ ਖ਼ਿੱਤੇ 'ਚ ਸ਼ੈਲਰ ਮਾਲਕ ਕਿਸਾਨਾਂ ਨੂੰ ਝੋਨੇ 'ਚ 'ਕੁੰਡੀ' ਲਾ ਰਹੇ ਹਨ ਜਿਸ 'ਤੇ ਵਿਜੀਲੈਂਸ ਅਫਸਰਾਂ ਨੇ ਅੱਖ ਰੱਖ ਲਈ ਹੈ। ਮੁਢਲੇ ਪੜਾਅ 'ਤੇ ਵਿਜੀਲੈਂਸ ਕੋਲ ਕਿਸਾਨਾਂ ਨੇ ਰੋਣਾ ਰੋਇਆ ਸੀ ਪਰ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਹੈ। ਬਹੁਤੇ ਕਿਸਾਨ ਆਖਦੇ ਹਨ ਕਿ ਉਨ੍ਹਾਂ ਦੀ ਮਜਬੂਰੀ ਦਾ ਸ਼ੈਲਰ ਮਾਲਕ ਫਾਇਦਾ ਉਠਾ ਰਹੇ ਹਨ। ਹਾਲਾਂਕਿ ਏਦਾ ਦੀ ਕੋਈ ਵਿਵਸਥਾ ਨਹੀਂ ਹੈ ਕਿ ਕਿਸਾਨ ਆਪਣਾ ਝੋਨਾ ਸਿੱਧਾ ਸ਼ੈਲਰ 'ਚ ਉਤਾਰੇ ਪਰ ਜ਼ਿਲ੍ਹਾ ਬਠਿੰਡਾ 'ਚ ਧੜੱਲੇ ਨਾਲ ਸਭ ਕੁਝ ਚੱਲ ਰਿਹਾ ਹੈ। ਮਾਰਕੀਟ ਫੀਸ ਤੇ ਦਿਹਾਤੀ ਵਿਕਾਸ ਫੰਡ ਦੀ ਵੀ ਚੋਰੀ ਹੋ ਰਹੀ ਹੈ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ। ਬਠਿੰਡਾ ਜ਼ਿਲ੍ਹੇ 'ਚ ਕਰੀਬ 325 ਸ਼ੈਲਰ ਹਨ ਤੇ ਹੁਣ ਤੱਕ ਕਰੀਬ 9 ਲੱਖ ਮੀਟਰਿਕ ਟਨ ਝੋਨਾ ਖਰੀਦ ਕੇਂਦਰਾਂ 'ਚ ਪੁੱਜ ਚੁੱਕਾ ਹੈ। ਰਾਮਪੁਰਾ ਮੰਡੀ 'ਚ ਸਭ ਤੋਂ ਵੱਧ ਸ਼ੈਲਰ ਹਨ ਜਿਥੇ ਪਿੰਡ ਮਹਿਰਾਜ 'ਚੋਂ ਕਾਫ਼ੀ ਝੋਨਾ ਸਿੱਧਾ ਸ਼ੈਲਰਾਂ 'ਚ ਪੁੱਜਾ ਹੈ।
ਕਿਸਾਨਾਂ ਨੇ ਦੱਸਿਆ ਕਿ ਸ਼ੈਲਰ ਮਾਲਕ ਵੱਲੋਂ ਦੋ ਤੋਂ ਚਾਰ ਕਿਲੋ ਦੀ ਕਾਟ ਕੱਟੀ ਜਾਂਦੀ ਹੈ ਜੋ ਕਿਸਾਨਾਂ ਨੂੰ ਸਿੱਧੀ ਕੁੰਡੀ ਲੱਗ ਰਹੀ ਹੈ। ਮੌੜ ਮੰਡੀ 'ਚ ਇਹ ਪ੍ਰੈਕਟਿਸ ਸਭ ਤੋਂ ਵੱਧ ਹੈ ਜਿਥੇ ਇੱਕ ਆੜ੍ਹਤੀ 'ਤੇ ਵੀ ਉਂਗਲ ਉਠ ਰਹੀ ਹੈ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਕਹਿਣਾ ਸੀ ਕਿ ਜਿਣਸ ਦੀ ਖਰੀਦ ਸਮੇਂ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹਾ 'ਚ ਮੰਡੀਆਂ ਇਸ ਵੇਲੇ ਝੋਨੇ ਨਾਲ ਭਰੀਆਂ ਪਈਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਖਰੀਦ ਕੇਂਦਰਾਂ 'ਚ ਰੁਲਣਾ ਨਾ ਪਵੇ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਸਿੱਧੀ ਲੁਹਾਈ ਨਾਲ ਮਾਰਕੀਟ ਫੀਸ ਦੀ ਚੋਰੀ ਨਹੀਂ ਹੋ ਰਹੀ ਹੈ ਕਿਉਂਕਿ ਸ਼ੈਲਰ ਮਾਲਕਾਂ ਵੱਲੋਂ ਆੜ੍ਹਤੀਆਂ ਕੋਲ ਬਕਾਇਦਾ ਝੋਨਾ ਲਿਖਾ ਦਿੱਤਾ ਜਾਂਦਾ ਹੈ। ਇੱਕ ਆੜ੍ਹਤੀਆ ਆਗੂ ਨੇ ਦੁੱਖੜਾ ਰੋਇਆ ਕਿ ਉਨ੍ਹਾਂ ਨੂੰ ਜੋ ਲੇਬਰ ਤੇ ਸਫਾਈ ਵਗੈਰਾ ਦੀ ਪ੍ਰਤੀ ਗੱਟਾ ਫੀਸ ਮਿਲਦੀ ਹੈ, ਉਹ ਸ਼ੈਲਰ ਮਾਲਕ ਰੋੜ੍ਹ ਰਹੇ ਹਨ।