ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੱਥਾ ਅੱਜ ਸੈਂਕੜੇ ਟਰੈਕਟਰ ਟਰਾਲੀਆਂ ਨਾਲ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕੌਮੀ ਰਾਜਧਾਨੀ ਵੱਲ ਕੂਚ ਕਰ ਰਿਹਾ ਹੈ। ਕਮੇਟੀ ਵੱਲੋਂ ਕੀਤੇ ਐਲਾਨ ਮੁਤਾਬਕ ਹਰ 15 ਦਿਨ ਬਆਦ ਜੱਥੇ ਦਿੱਲੀ ਵੱਲ ਭੇਜੇ ਜਾਣੇ ਸੀ। ਹੁਣ ਇਸ ਤੋਂ ਬਆਦ ਅਗਲਾ ਜੱਥਾ 20 ਜਨਵਰੀ ਨੂੰ ਅੱਠ ਦਿਨਾਂ ਬਆਦ ਰਵਾਨਾ ਹੋਵੇਗਾ।


ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ 26 ਜਨਵਰੀ ਤੇ ਟਰੈਕਟਰ ਮਾਰਚ ਦੀ ਤਿਆਰੀ ਕਰ ਰਹੇ ਹਨ। ਇਸ ਕਰਕੇ ਅੱਜ ਤੇ 20 ਜਨਵਰੀ ਦੇ ਜੱਥੇ 'ਚ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਦਿੱਲੀ ਵੱਲ ਤੋਰੀਆਂ ਜਾਣ। ਹੁਣ ਟਰੈਕਟਰ ਮਾਰਚ ਰਾਹੀਂ ਕਿਸਾਨ ਕੇਂਦਰ ਸਰਕਾਰ ਦੇ ਕੰਨਾਂ ਤਕ ਆਪਣੀ ਆਵਾਜ਼ ਪਹੁੰਚਾਉਣਗੇ।


ਟਰੈਕਟਰ ਮਾਰਚ ਨੂੰ ਕਾਮਯਾਬ ਬਣਾਉਣ ਲਈ ਕਿਸਾਨ ਆਗੂ ਖੁਦ ਪੰਜਾਬ 'ਚ ਨਿੱਤਰ ਆਏ ਹਨ ਤੇ ਲਗਾਤਾਰ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਲਾਮਬੰਧ ਕਰ ਰਹੇ ਹਨ। ਕਿਸਾਨ ਆਗੁਆਂ ਦਾ ਕਹਿਣਾ ਹੈ ਕਿ "ਸਰਕਾਰ ਮੀਟਿੰਗਾਂ ਰਾਹੀ ਸਮਾਂ ਖਰਾਬ ਕਰ ਰਹੀ ਹੈ ਕਿ ਕਿਸਾਨ ਅੱਕ ਜਾਣਗੇ ਜਾਂ ਥੱਕ ਜਾਣਗੇ। ਪਰ ਸਰਕਾਰ ਭੁਲੇਖੇ 'ਚ ਹੈ ਕਿਸਾਨ ਓਨਾ ਸਮਾਂ ਨਹੀਂ ਪਿੱਛੇ ਹਟਣਗੇ ਜਦ ਤਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ"