ਚੰਡੀਗੜ੍ਹ: ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਕਿਸਾਨ ਯੂਨੀਅਨਾਂ ਵੱਲੋਂ ਰੇਲ ਟਰੈਕ ਜਾਮ ਕੀਤੇ ਗਏ। ਕਿਸਾਨ ਪਰਾਲੀ ਦਾ ਸਹੀ ਹੱਲ ਨਾ ਹੋਣ ਕਰਕੇ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਦਰਜ ਮੁਕੱਦਮਿਆਂ ਨੂੰ ਰੱਦ ਕਰਵਾਉਣ, ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਤੇ ਪਰਾਲੀ ਨਾ ਸਾੜਣ ਵਾਲਿਆਂ ਨੂੰ ਤੁਰੰਤ ਮੁਆਵਜਾ ਰਾਸ਼ੀ ਜਾਰੀ ਕਰਨ ਦੀ ਮੰਗ ਕਰ ਰਹੇ ਹਨ।


ਪੰਜਾਬ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਨੇ ਅੱਜ ਰੇਲਾਂ ਰੋਕ ਕੇ ਪੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਜਲੰਧਰ-ਅੰਮ੍ਰਿਤਸਰ ਰੇਲ ਟਰੈਕ 'ਤੇ ਬਿਆਸ ਕੋਲ ਧਰਨਾ ਲਾਇਆ। ਇਸ ਤੋਂ ਇਲਾਵਾ ਮਾਲਵਾ ਵਿੱਚ ਕਿਸਾਨਾਂ ਨੇ ਰੇਲਾਂ ਰੋਕੀਆਂ। ਦਰਅਸਲ ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕੇਲ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਪੁਲਿਸ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।

ਅੱਜ ਪੁਲਿਸ ਦੀ ਗ੍ਰਿਫਤ ਤੋਂ ਬਚ ਕੇ ਫਿਰੋਜ਼ਪੁਰ ਦੇ ਕਿਸਾਨਾਂ ਨੇ ਪਿੰਡ ਬੂਟੇਵਾਲਾ ਤੋਂ ਨਿਕਲਦੇ ਫਿਰੋਜ਼ਪੁਰ-ਜਲੰਧਰ ਰੇਲਵੇ ਰੂਟ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਨੂੰ ਵਾਅਦੇ ਮੁਤਾਬਕ ਪੂਰਾ ਕਰਜ਼ ਮੁਆਫ ਕਰਨ ਲਈ ਕਿਹਾ। ਇਸ ਦੇ ਨਾਲ ਹੀ ਪਰਾਲੀ ਸਾੜਨ ਵਾਲਿਆਂ ਵਿਰੁੱਧ ਦਰਜ ਕੀਤੇ ਮੁਕੱਦਮੇ ਬਿਨ੍ਹਾਂ ਦੇਰੀ ਰੱਦ ਕਰਦਿਆਂ ਪਰਾਲੀ ਨਾ ਸਾੜਨ ਵਾਲਿਆਂ ਨੂੰ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਰੱਖੀ।

ਰੋਹ ਵਿੱਚ ਆਏ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਪੂਰੇ ਕਰਜ਼ਿਆਂ ਦੀ ਮੁਆਫੀ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਜਿੱਥੇ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਨਹੀਂ ਹੋਏ, ਉੱਥੇ ਖੰਡ ਮਿੱਲਾਂ ਵੱਲ ਖੜ੍ਹੀ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਤੋਂ ਵੀ ਕਿਸਾਨ ਮੁਥਾਜ਼ ਹੋਏ ਪਏ ਹਨ।