ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਦਿੱਲੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਅੰਮ੍ਰਿਤਸਰ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਪਰਿਵਾਰ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ। 


ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦਸਿਆ ਕਿ ਮੋਦੀ ਸਰਕਾਰ ਦੀ ਹਿੱਕ ਤੇ ਮੂੰਗ ਦਲੀ ਹੈ।ਕਿਸਾਨਾਂ ਨੇ ਰੈਲੀ ਵਿੱਚ ਕੇਂਦਰ ਸਰਕਾਰ ਨੂੰ ਵੰਗਾਰਿਆ।ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਕਾਫੀ ਮੁਸ਼ਕਲਾਂ ਆ ਰਹੀਆਂ ਹਨ।ਕਿਸਾਨਾਂ ਨੇ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਪਾਬੰਧੀਆਂ ਉਨ੍ਹਾਂ ਤੇ ਮੜੀਆਂ ਜਾ ਰਹੀਆਂ ਹਨ।


ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਕੈਪਟਨ ਤੇ ਮੋਦੀ ਸਰਕਾਰ ਵਿਰੁੱਧ 21 ਤੋਂ 25 ਅਪ੍ਰੈਲ ਤਕ ਪਿੰਡ ਪੱਧਰ ਤੇ ਪੁਤਲੇ ਫੁਕੇ ਜਾਣਗੇ।ਉਨ੍ਹਾਂ ਦੱਸਿਆ ਕਿ 5 ਮਈ ਨੂੰ ਅੰਮ੍ਰਿਤਸਰ ਤੋਂ ਦਿੱਲੀ ਹਜਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ ਕੂਚ ਕਰੇਗਾ। 


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੰਮ੍ਰਿਤਸਰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ 2 ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਦੌਰਾਨ ਕਿਸਾਨਾਂ ਨੇ ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਹੋਰ ਤਿੱਖਾ ਕਰਨ ਦਾ ਅਹਿਦ ਵੀ ਲਿਆ।


ਕਿਸਾਨ ਆਗੂਆਂ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ "ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਦੀ ਆੜ ਵਿੱਚ ਦਿੱਲੀ ਮੋਰਚੇ ਨੂੰ ਜਬਰੀ ਚੁਕਵਾਉਣ ਦੇ ਸੁਪਨੇ ਦੇਖ ਰਹੀ ਹੈ। ਇਹ ਕਿਸਾਨ ਮਜ਼ਦੂਰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ,ਮੁਦਰਾ ਕੋਸ਼ ਫੰਡ,ਵਰਲਡ ਬੈਂਕ ਦੀ ਨੀਤੀ ਨੂੰ ਲਾਗੂ ਕਰਨ ਲਈ ਬਜਿੱਦ ਹੈ ਤੇ ਖੇਤੀ ਮੰਡੀ  ਤੇ ਜਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ।ਇਹ ਕਿਸਾਨਾਂ ਦੇ ਬੱਚਿਆ ਦੇ ਆਉਣ ਵਾਲੇ ਭਵਿੱਖ ਦਾ ਸਵਾਲ ਹੈ।ਇਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਇਆ ਜਾਏਗਾ।"


 


ਉਨ੍ਹਾਂ ਕਿਹਾ ਕਿ, "ਐਮ ਐੱਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿਲ 2020, ਪਰਾਲੀ ਪ੍ਰਦੂਸ਼ਣ ਐਕਟ 2020 ਖਤਮ ਕਰਾਉਣ, ਕੈਪਟਨ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜਾ ਖਤਮ ਕਰਾਉਣ ਅਤੇ ਕੀਤੇ ਨਜਾਇਜ ਪਰਚੇ ਰੱਦ ਕਰਾਉਣ ਆਦਿ ਮੰਗਾਂ ਦੀ ਪੂਰਤੀ ਲਈ ਬੇਸ਼ਕ 2024 ਤੱਕ ਸੰਘਰਸ਼ ਕਰਨਾ ਪਵੇ ਕਿਸਾਨ ਅੰਦੋਲਨ ਕਰਨਗੇ।"