ਨਵੀਂ ਦਿੱਲੀ: ਕੇਂਦਰ ਦੇ ਖੇਤੀ ਕਾਨੂੰਨਾਂ ਤੇ ਸ਼ੁਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਚੱਲ 7 ਘੰਟੇ ਲੰਮੀ ਬੈਠਕ ਹੋਈ।ਇਸ ਬੈਠਕ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਅੱਗੇ ਸੱਤ ਮੰਗਾ ਰੱਖੀਆਂ।ਪਰ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਕੇਂਦਰੀ ਮੰਤਰੀ ਇਹ ਮੰਗਾ ਸੁਣਕੇ ਚੁੱਪ ਹੋ ਰਹੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਯਾਤਰੀ ਟ੍ਰੇਨਾਂ ਨਹੀਂ ਚੱਲਣ ਦੇਣਗੇ। ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਲਈ "ਦਿੱਲੀ ਚੱਲੋ" ਪ੍ਰੋਗਰਾਮ ਬਣਾਇਆ ਹੈ।ਕਿਸਾਨ ਪੰਜਾਬ ਤੋਂ 10 ਹਜ਼ਾਰ ਟਰੈਕਟਰ ਲੈ ਕੇ ਦਿੱਲੀ ਜਾਣਗੇ।


ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ, "ਕੇਂਦਰ ਨਾਲ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ।ਅਸੀਂ ਸੱਤ ਮੰਗਾਂ ਸਰਕਾਰ ਅੱਗੇ ਰੱਖੀਆਂ ਹਨ।" ਦੱਸ ਦੇਈਏ ਕਿ ਅੱਜ ਦੀ ਮੀਟਿੰਗ ਵਿੱਚ ਫਿਲਹਾਲ ਕਿਸੇ ਗੱਲ ਤੇ ਸਹਿਮਤੀ ਨਹੀਂ ਬਣੀ ਹੈ ਯਾਨੀ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ।ਕਿਸਾਨ ਅੰਦੋਲਨ ਫਿਲਹਾਲ ਪੰਜਾਬ ਅੰਦਰ ਜਾਰੀ ਰਹੇਗਾ।ਅੱਜ ਦੀ ਮੀਟਿੰਗ ਵਿੱਚ ਕੇਂਦਰੀ ਰੇਲ ਮੰਤਰੀ ਪਿਉਸ਼ ਗੋਇਲ ਤੇ ਖੇਤੀ ਮੰਤਰੀ ਨਰੇਂਦਰ ਤੋਮਰ ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਮੌਜੂਦ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਕਿਸਾਨਾਂ ਨਾਲ ਮੀਟਿੰਗ ਰੱਖੀ ਸੀ ਜੋ ਸਿਰੇ ਨਹੀਂ ਚੜ੍ਹੀ ਸੀ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨਾਲ ਇੱਕ ਹੋਰ ਮੀਟਿੰਗ ਲਈ ਸੱਦਾ ਭੇਜਿਆ ਸੀ। ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਇਹ ਪਹਿਲੀ ਮੀਟਿੰਗ ਸੀ।

ਇਹ ਸੀ ਕਿਸਾਨਾਂ ਦੀਆਂ ਸੱਤ ਮੰਗਾਂ
-ਖੇਤੀ ਕਾਨੂੰਨ ਰੱਦ ਕੀਤੇ ਜਾਣ
-ਬਿਜਲੀ ਕਾਨੂੰਨ 2020 ਰੱਦ ਕੀਤਾ ਜਾਵੇ
-ਵਾਤਾਵਰਣ ਕਾਨੂੰਨ ਰੱਦ ਕੀਤਾ ਜਾਵੇ
-MSP ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ
-100 ਖਰੀਦ (Procurement) ਲਈ ਵੀ ਕਾਨੂੰਨ ਬਣਾਇਆ ਜਾਵੇ
-ਡੀਜ਼ਲ ਦੀਆਂ ਕੀਮਤਾਂ 50 ਫੀਸਦ ਘੱਟ ਕੀਤੀਆਂ ਜਾਣ
-ਕਿਸਾਨਾਂ ਤੇ ਕੀਤੇ ਕੇਸ ਵਾਪਸ ਲਏ ਜਾਣ