ਨਵੀਂ ਦਿੱਲੀ: ਕੇਂਦਰ ਦੇ ਖੇਤੀ ਕਾਨੂੰਨਾਂ ਬਾਰੇ ਸ਼ੁਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਚੱਲ ਰਹੀ ਬੈਕਠ ਮੁੱਕ ਗਈ ਹੈ। ਇਹ ਮੀਟਿੰਗ ਤਕਰੀਬਨ 7 ਘੰਟੇ ਬਆਦ ਖ਼ਤਮ ਹੋਈ।ਫਿਲਹਾਲ ਅਜੇ ਕਿਸੇ ਗੱਲ ਤੇ ਸਹਿਮਤੀ ਨਹੀਂ ਬਣੀ ਹੈ।ਕਿਸਾਨ ਆਗੂ ਕੇਂਦਰ ਨਾਲ ਇੱਕ ਹੋਰ ਮੀਟਿੰਗ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ 18 ਨਵੰਬਰ ਨੂੰ ਉਨ੍ਹਾਂ ਦੀ ਆਪਣੀ ਇੱਕ ਮੀਟਿੰਗ ਚੰਡੀਗੜ੍ਹ ਵਿਖੇ ਹੋਏਗੀ।ਜਿਸ ਵਿੱਚ ਕਿਸਾਨ ਅੱਗਲੀ ਰਣਨੀਤੀ ਤਿਆਰ ਕਰਨਗੀਆਂ।


ਦੱਸ ਦੇਈਏ ਕਿਸਾਨ ਅੰਦੋਲਨ ਫਿਲਹਾਲ ਪੰਜਾਬ ਅੰਦਰ ਜਾਰੀ ਰਹੇਗਾ।ਕੇਂਦਰ ਨੇ ਕਿਸਾਨਾਂ ਨੂੰ ਇੱਕ ਕਮੇਟੀ ਬਣਾਉਣ ਦਾ ਵੀ ਭਰੋਸਾ ਦਿੱਤਾ ਹੈ।ਫਿਲਹਾਲ ਕਿਸਾਨਾਂ ਨੇ ਪੰਜਾਬ ਅੰਦਰ ਯਾਤਰੀ ਰੇਲਾਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ।ਕੇਂਦਰੀ ਰੇਲ ਮੰਤਰੀ ਪਿਉਸ਼ ਗੋਇਲ ਤੇ ਖੇਤੀ ਮੰਤਰੀ ਨਰੇਂਦਰ ਤੋਮਰ ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਮੌਜੂਦ ਸੀ।

ਸੂਚਨਾ ਮਿਲੀ ਹੈ ਕਿ ਗੱਲਬਾਤ ਦੌਰਾਨ ਮੰਤਰੀਆਂ ਨੇ ਕਿਸਾਨਾਂ ਦੀ ਕਲਾਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਲੱਗੇ। ਦੂਜੇ ਪਾਸੇ ਕਿਸਾਨ ਲੀਡਰ ਵੀ ਪੂਰੀ ਤਿਆਰੀ ਕਰਕੇ ਗਏ ਲੱਗਦੇ ਸੀ। ਉਨ੍ਹਾਂ ਨੇ ਮੰਤਰੀਆਂ ਕੋਲ ਆਪਣੇ ਖਦਸ਼ਿਆਂ ਨੂੰ ਰੱਖਦਿਆਂ ਦੱਸਿਆ ਕਿ ਇਹ ਕਾਨੂੰਨ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ।

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਨੇ ਸਾਡੀ ਗੱਲ ਸੁਣੀ ਹੈ।ਕੇਂਦਰ ਕਹਿ ਰਿਹਾ ਹੈ ਕਿ ਰੇਲ ਗੱਡੀਆ ਚਲਣਗੀਆਂ ਪਰ ਮਾਲ ਗੱਡੀਆਂ ਅਤੇ ਯਾਤਰੀ ਟ੍ਰੇਨਾਂ ਦੋਨੋਂ ਹੀ ਚਲਣਗੀਆਂ।ਕਿਸਾਨਾਂ ਨੇ ਕਿਹਾ ਹੈ ਕਿ ਉਹ ਅਗਲੀ ਰਣਨੀਤੀ ਤੈਅ ਕਰਨ ਲਈ 18 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਮੀਟਿੰਗ ਕਰਨਗੇ। ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਪਰ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ ਰਹੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਕਿਸਾਨਾਂ ਨਾਲ ਮੀਟਿੰਗ ਰੱਖੀ ਸੀ ਜੋ ਸਿਰੇ ਨਹੀਂ ਚੜ੍ਹੀ ਸੀ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨਾਲ ਇੱਕ ਹੋਰ ਮੀਟਿੰਗ ਲਈ ਸੱਦਾ ਭੇਜਿਆ ਸੀ। ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਇਹ ਪਹਿਲੀ ਮੀਟਿੰਗ ਸੀ।

ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਤੇ ਪਿਛਲੇ ਡੇਢ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਮਸਲੇ ਦਾ ਹੱਲ ਕੱਢਣ ਲਈ  ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਤਾਂ ਕੀਤੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ।ਹੁਣ ਕੇਂਦਰ ਨਾਲ ਅਗਲੀ ਮੀਟਿੰਗ 21 ਨਵੰਬਰ ਨੂੰ ਤੈਅ ਕੀਤੀ ਗਈ ਹੈ।