ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਡਟੇ ਹੋਏ ਹਨ। ਹੁਣ ਆਪਣੇ ਸੰਘਰਸ਼ ਨੂੰ ਇੱਕ ਵਾਰ ਫਿਰ ਤੋਂ ਭਖ਼ਾਉਂਦਿਆਂ ਕਿਸਾਨਾਂ ਨੇ ਅੱਜ ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ-ਵੇਅ ਨੂੰ 24 ਘੰਟਿਆਂ ਲਈ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਦਾ ਜਾਮ ਵਿੱਚ ਖ਼ਾਸ ਗੱਲ ਕਿਸਾਨੀ ਸੰਘਰਸ਼ ਵਿੱਚ ਉੱਭਰੇ ਨੌਜਵਾਨ ਲੀਡਰ ਲੱਖਾ ਸਿਧਾਣਾ ਖ਼ੁਦ ਆਪ ਹੈ। ਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਨਾਮਜ਼ਦ ਲੱਖਾ ਸਿਧਾਣੇ ਦੀ ਜਾਣਕਾਰੀ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਹੈ। ਜਦਕਿ ਕਿਸਾਨ ਜਥੇਬੰਦੀਆਂ ਵੱਲੋਂ ਲੱਖੇ ਨੂੰ ਗ੍ਰਿਫ਼ਤਾਰ ਨਾ ਹੋਣ ਦੇਣ ਦੀ ਗੱਲ ਆਖੀ ਹੈ।


ਕਿਸਾਨਾਂ ਦੇ ਇਸ ਐਲਾਨ ਕਰਕੇ ਪੁਲਿਸ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕਰ ਹੈ। ਪੁਲਿਸ ਦੀਆਂ 20 ਕੰਪਨੀਆਂ ਛੇ ਡੀਐਸਪੀ ਅਤੇ 17 ਇੰਸਪੈਕਟਰਾਂ ਦੀ ਅਗਵਾਈ ਹੇਠ ਕੰਮ ਕਰਨਗੀਆਂ। ਪੁਲਿਸ ਦਾ ਕਹਿਣਾ ਹੈ ਕਿ ਜਾਮ ਵੇਲੇ ਸੁਰੱਖਿਆ ਵਿਵਸਥਾ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਏਐਮਪੀ ਮਾਰਗ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।


ਕਿਸਾਨਾਂ ਵੱਲੋਂ ਇਹ ਜਾਮ ਸ਼ਨੀਵਾਰ ਸਵੇਰੇ ਅੱਠ ਵਜੇ ਤੋਂ ਐਤਵਾਰ ਸਵੇਰੇ ਅੱਠ ਤੱਕ ਜਾਰੀ ਰੱਖਣ ਦੀ ਤਜਵੀਜ਼ ਹੈ। ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਲੱਖਾ ਸਿਧਾਣਾ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 10 ਅਪ੍ਰੈਲ ਨੂੰ ਕੇਐਮਪੀ ਰੋਡ ਬੰਦ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ। ਲੱਖਾ ਸਿਧਾਣਾ ਬੀਤੇ ਦਿਨ ਪੰਜਾਬ ਤੋਂ ਦਿੱਲੀ ਲਈ ਵੱਡੇ ਕਾਫਿਲੇ ਵਿੱਚ ਤੁਰਿਆ ਸੀ। ਉਸ ਨੇ ਕਿਹਾ ਸੀ ਕਿ ਸਰਕਾਰ ਤਾਨਾਸ਼ਾਹ ਰਵਈਆ ਅਪਨਾ ਰਹੀ ਹੈ ਅਤੇ ਉਸ ਦੇ ਭਰਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਪਰ ਉਹ ਗ੍ਰਿਫਤਾਰੀ ਤੋਂ ਨਹੀਂ ਡਰਦਾ। ਅਜਿਹੇ ਵਿੱਚ ਦੇਖਣਾ ਬਣਦਾ ਹੈ ਕਿ ਕੀ ਪੁਲਿਸ ਲੱਖੇ ਨੂੰ ਗ੍ਰਿਫ਼ਤਾਰ ਕਰਦੀ ਹੈ ਜਾਂ ਕਿਸਾਨਾਂ ਦੇ ਇਕੱਠ ਕਾਰਨ ਅਜਿਹਾ ਨਾਜ਼ੁਕ ਕਦਮ ਚੁੱਕਣ ਤੋਂ ਗੁਰੇਜ਼ ਕਰੇਗੀ।