ਜਲੰਧਰ: ਭਾਰਤੀ ਸਟੇਟ ਬੈਂਕ ਦੀ ਸੁਲਤਾਨਪੁਰ ਲੋਧੀ ਸ਼ਾਖਾ ਵਿੱਚ ਕਰੋੜਾਂ ਦੇ ਫ਼ਸਲੀ ਕਰਜ਼ ਘਪਲੇ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਖ ਮੁਲਜ਼ਮ ਤਿਲਕ ਰਾਜ ਨੇ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ 107 ਤੋਂ ਜ਼ਿਆਦਾ ਲੋਕਾਂ ਨੂੰ ਫ਼ਸਲੀ ਕਰਜ਼ਾ ਲੈ ਦਿੱਤਾ। ਇਨ੍ਹਾਂ ਵਿੱਚੋਂ ਕਈਆਂ ਕੋਲ ਜ਼ਮੀਨ ਨਹੀਂ। ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਤਿਲਕ ਰਾਜ ਆਪਣੀ ਲੋਨ ਏਜੰਸੀ ਚਲਾਉਂਦਾ ਹੈ। ਤਿਲਕ ਰਾਜ ਨੇ ਪਹਿਲਾਂ ਆਪਣੇ ਨਾਂ 'ਤੇ ਕਰਜ਼ ਲਿਆ ਤੇ ਇਸ ਤੋਂ ਬਾਅਦ ਆਪਣੀ ਪਤਨੀ ਅਤੇ ਮਾਂ ਦੇ ਨਾਂ 'ਤੇ ਵੀ ਫਰਜ਼ੀ ਲੋਨ ਲੈ ਲਿਆ। ਵਿਜੀਲੈਂਸ ਦੀ ਟੀਮ ਕਪੂਰਥਲਾ ਵਿੱਚ ਇਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। ਹੁਣ ਤੱਕ 19 ਫਾਇਲਾਂ ਦੀ ਜਾਂਚ ਹੋ ਚੁੱਕੀ ਹੈ ਜਿਸ ਵਿੱਚ 4 ਕਰੋੜ 98 ਲੱਖ ਰੁਪਏ ਦੀ ਧੋਖਾਧੜੀ ਸਾਹਮਣੇ ਆ ਚੁੱਕਾ ਹੈ। ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਘਪਲਾ 50 ਕਰੋੜ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਹੈ। ਇਸ ਮਾਮਲੇ ਵਿੱਚ 19 ਫਾਇਲਾਂ ਦੀ ਜਾਂਚ ਦੌਰਾਨ ਬੈਂਕ ਪ੍ਰਬੰਧਕ, ਸਹਾਇਕ ਪ੍ਰਬੰਧਕ ਅਤੇ ਫੀਲਡ ਅਫਸਰ ਸਮੇਤ ਹੁਣ ਤਕ 16 ਗ੍ਰਿਫਤਾਰੀਆਂ ਹੋ ਗਈਆਂ। ਬੈਂਕ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਸੀ ਉਨ੍ਹਾਂ ਦੇ ਨਾਂ 'ਤੇ ਜਾਅਵੀ ਫਰਦ ਬਣਾ ਕੇ ਲੋਨ ਲੈ ਦਿੱਤਾ। ਇਨ੍ਹਾਂ ਨੇ ਪਟਵਾਰੀਆਂ ਨੂੰ ਵੀ ਆਪਣੇ ਨਾਲ ਰਲਾ ਲਿਆ ਸੀ ਤੇ ਕੰਪਿਊਟਰਾਈਜ਼ਡ ਰਿਕਾਰਡ ਵਿੱਚ ਜ਼ਮੀਨ ਦੇ ਮਾਲਕ ਦਾ ਨਾਂ ਬਦਲ ਕੇ ਬੈਂਕ ਤੋਂ ਕਰੌਪ ਲੋਨ ਲੈ ਲਿਆ।