ਬਰਨਾਲਾ: ਕੇਂਦਰੀ ਸੜਕ ਆਵਾਜਾਈ ਵਿਭਾਗ ਵੱਲੋਂ ਅੱਜ 15 ਦਸੰਬਰ ਨੂੰ ਫਾਸਟ ਟੈਗ ਲਾਗੂ ਕਰ ਦਿੱਤਾ ਗਿਆ ਹੈ। ਪਰ 100% ਗੱਡੀਆਂ 'ਤੇ ਫਾਸਟ ਟੈਗ ਨਾ ਲੱਗਣ ਕਾਰਨ ਸਰਕਾਰ ਨੇ ਵਾਹਨ ਚਾਲਕਾਂ ਤੇ ਟੋਲ ਪਲਾਜ਼ਾ ਦੇ ਮਾਲਕਾਂ ਨੂੰ 30 ਹੋਰ ਦਿਨਾਂ ਦੀ ਮਹੋਲਤ ਦਿੱਤੀ ਹੈ। ਬਿਨ੍ਹਾਂ ਫਾਸਟ ਟੈਗ ਵਾਲੀਆਂ ਗੱਡੀਆਂ ਨੂੰ ਇੱਕ ਮਹੀਨੇ ਲਈ ਜੁਰਮਾਨੇ 'ਚ ਰਾਹਤ ਦਿੱਤੀ ਗਈ ਹੈ। ਕੇਂਦਰੀ ਸੜਕ ਆਵਾਜਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਿਰਫ਼ 25% ਕਤਾਰਾਂ 'ਤੇ ਹੀ ਨਕਦ ਟੋਲ ਕੱਟਿਆ ਜਾਵੇਗਾ ਜਦਕਿ 75% ਕਤਾਰਾਂ 'ਤੇ ਫਾਸਟ ਟੈਗ ਲਾਗੂ ਹੋਵੇਗਾ।

ਅੱਜ ਬਰਨਾਲਾ ਨੇੜਲੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਨੰਬਰ ਸੱਤ 'ਤੇ ਸਥਿਤ ਬਡਬਰ ਟੋਲ ਪਲਾਜ਼ਾ 'ਤੇ ਫਾਸਟ ਟੈਗ ਨਾ ਲੱਗੀਆਂ ਹੋਈਆਂ ਗੱਡੀਆਂ ਦੀਆਂ ਵੱਡੀਆਂ ਲਾਈਨਾਂ ਲੱਗ ਗਈਆਂ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਆਪਣੀਆਂ ਗੱਡੀਆਂ 'ਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਫਾਸਟ ਟੈਗ ਨਹੀਂ ਲਾਇਆ ਗਿਆ। ਇਸ ਕਾਰਨ ਟੋਲ ਪਲਾਜ਼ਾ 'ਤੇ ਨਕਦ ਭੁਗਤਾਨ ਦੀ ਸਿਰਫ਼ ਇੱਕ ਹੀ ਲਾਈਨ ਲਾਈ ਗਈ ਹੈ। ਨਕਦ ਭੁਗਤਾਨ ਦੀ ਸਿਰਫ਼ ਇੱਕ ਲਾਈਨ ਹੋਣ ਕਰਕੇ ਟੋਲ ਪਲਾਜ਼ਾ 'ਤੇ ਦੂਰ-ਦੂਰ ਤੱਕ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।


ਟੋਲ ਪਲਾਜ਼ਾ ਤੇ ਕਰੀਬ ਢਾਈ ਤੋਂ ਲੈ ਕੇ ਤਿੰਨ ਕਿਲੋਮੀਟਰ ਤੱਕ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਜਿਨ੍ਹਾਂ ਗੱਡੀਆਂ ਦੇ ਫਾਸਟੈਗ ਨਹੀਂ ਲਾਏ ਗਏ, ਉਨ੍ਹਾਂ ਤੋਂ ਡਬਲ ਫੀਸ ਦੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਇਸ ਡਬਲ ਵਸੂਲੀ ਨੂੰ ਲੁੱਟ ਵੀ ਕਰਾਰ ਦਿੱਤਾ ਗਿਆ।

ਰਾਹਗੀਰਾਂ ਨੇ ਕਿਹਾ ਕਿ ਇਸ ਟੋਲ ਪਲਾਜੇ ਨੂੰ ਆਉਣ ਜਾਣ ਲਈ ਸਿਰਫ਼ ਇੱਕ ਕਤਾਰ ਹੀ ਨਕਦ ਭੁਗਤਾਨ ਲਈ ਚਾਲੂ ਕੀਤੀ ਗਈ ਹੈ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਟੋਲ ਪਲਾਜ਼ਾ ਵਾਲੇ ਲੋਕਾਂ ਦੇ ਸਮੇਂ ਦੀ ਬਰਬਾਦੀ ਕਰ ਰਹੇ ਹਨ।

ਇਸ ਸਬੰਧੀ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਉਨ੍ਹਾਂ ਵੱਲੋਂ ਇੱਕ ਲਾਈਨ ਨਕਦ ਭੁਗਤਾਨ ਦੀ ਚਾਲੂ ਕੀਤੀ ਗਈ ਹੈ। ਜੇਕਰ ਕਿਸੇ ਨੂੰ ਐਮਰਜੈਂਸੀ ਜਾਂ ਤੇਜ਼ੀ ਹੈ ਤਾਂ ਉਹ ਡਬਲ ਟੋਲ ਪਲਾਜੇ ਦੀ ਪਰਚੀ ਕਟਵਾ ਕੇ ਅੱਗੇ ਲੰਘ ਸਕਦੇ ਹਨ।