ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਇੱਕ ਅਜਿਹੇ ਗਰੋਹ ਨੂੰ ਕਾਬੂ ਕੀਤਾ ਹੈ ਜੋ ਫ਼ਿਲਮੀ ਸਟਾਈਲ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਪਹਿਲਾਂ ਵਿਆਹ ਕਰਦੇ ਸੀ ਤੇ ਫਿਰ ਉਨ੍ਹਾਂ ਨੂੰ ਲੁੱਟ ਲੈਂਦੇ ਸੀ। ਇਸ ਸਬੰਧੀ ਐਸਐਸਪੀ ਫਤਹਿਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਉਕਤ ਗਰੋਹ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਇਹ ਵਿਆਹ ਦੇ ਬਾਅਦ ਕੁੜੀ ਨੂੰ ਫੇਰਾ ਪਾਉਣ ਦੇ ਬਹਾਨੇ ਵਾਪਸ ਸੱਦ ਲੈਂਦੇ ਤੇ ਫਿਰ ਮੁੰਡੇ ਵਾਲਿਆਂ ਨੂੰ ਦਾਜ ਮੰਗਣ ਜਾਂ ਬਲਾਤਕਾਰ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਲੈਂਦੇ ਸਨ।
ਐਸਐਸਪੀ ਕੌਂਡਲ ਨੇ ਦੱਸਿਆ ਕਿ ਇਸ ਗਰੋਹ ਵਿੱਚ ਦੋ ਬਜ਼ੁਰਗ ਵੀ ਸ਼ਾਮਲ ਹਨ ਤਾਂ ਕਿ ਬਜ਼ੁਰਗ ਦੇ ਨਾਲ ਹੋਣ ਨਾਲ ਕਿਸੇ ਨੂੰ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਗਰੋਹ ਵਿੱਚ ਸ਼ਾਮਲ ਕੁੜੀ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਜ਼ਿਆਦਾਤਰ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ।
ਐਸਐਸਪੀ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਇਹ ਲੋਕ 60 ਹਜ਼ਾਰ ‘’ਚ ਸੁੰਦਰ ਕੁੜੀ ਨਾਲ ਵਿਆਹ ਕਰਵਾਉਣ ਦੀ ਗੱਲ ਕਰ ਉਨ੍ਹਾਂ ਨੂੰ ਫਸਾ ਲੈਂਦੇ ਸੀ ਤੇ ਵੇਖ-ਵਿਖਾਈ ਵਾਲੇ ਦਿਨ ਹੀ ਮੁੰਡੇ ਨਾਲ ਕੁੜੀ ਦਾ ਵਿਆਹ ਕਰਵਾ ਦਿੰਦੇ ਸਨ। ਫਿਰ ਜਦੋਂ ਮੁੰਡੇ ਵਾਲੇ ਥੋੜ੍ਹਾ ਪ੍ਰੋਗਰਾਮ ਕਰ ਲੈਂਦੇ ਤੇ ਉਸ ਦੇ ਕੁਝ ਦਿਨ ਬਾਅਦ ਉਹ ਕੁੜੀ ਨੂੰ ਫੇਰਾ ਪਵਾਉਣ ਦੇ ਬਹਾਨੇ ਵਾਪਸ ਸੱਦ ਲੈਂਦੇ ਪਰ ਉਸ ਨੂੰ ਵਾਪਸ ਹੀ ਨਹੀਂ ਭੇਜਦੇ।
ਇਸ ਮਗਰੋਂ ਜਦੋਂ ਮੁੰਡੇ ਵਾਲੋ ਕੁੜੀ ਨੂੰ ਭੇਜਣ ਦੀ ਗੱਲ ਕਰਦੇ ਤਾਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਤੇ ਉਹ ਮੁੰਡੇ ਵਾਲਿਆਂ ਨੂੰ ਦਾਜ ਮੰਗਣ ਜਾਂ ਬਲਾਤਕਾਰ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇਕੇ ਉਨ੍ਹਾਂ ਤੋਂ ਪੈਸੇ ਮੰਗਦੇ। ਇਸ ਦੇ ਬਾਅਦ ਇਹ ਲੋਕ ਆਪਣਾ ਅਗਲਾ ਸ਼ਿਕਾਰ ਚੁਣਦੇ। ਫ਼ਿਲਹਾਲ ਪੁਲਿਸ ਨੇ ਇਸ ਗਰੋਹ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ।