ਜਲੰਧਰ: ਪਾਦਰੀ ਐਂਥਨੀ ਦੇ ਘਰ ਛਾਪਾ ਮਾਰ ਕੇ 6 ਕਰੋੜ 65 ਲੱਖ ਰੁਪਏ ਗਾਇਬ ਕਰਨ ਦੇ ਇਲਾਜ਼ਾਮਾਂ ਵਿੱਚ ਘਿਰੀ ਖੰਨਾ ਪੁਲਿਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਖੰਨਾ ਪੁਲਿਸ ਪਾਦਰੀ ਦੇ ਘਰ ਆਏ ਬਿਜਲੀ ਕਾਰੋਬਾਰੀ ਹਰਪਾਲ ਸਿੰਘ ਨੂੰ ਵੀ ਆਪਣੇ ਨਾਲ ਲੈ ਗਈ ਸੀ ਤੇ ਉਨ੍ਹਾਂ ਨੂੰ ਵੀ ਹਵਾਲਾ ਰਕਮ ਦੇ ਪੈਸਿਆਂ ਨਾਲ ਫੜਿਆ ਦੱਸਿਆ ਗਿਆ ਸੀ। ਦਰਅਸਲ ਜਲੰਧਰ ਵਾਸੀ ਹਰਪਾਲ ਸਿੰਘ ਨੇ ਆਪਣੀ ਬਿਲਡਿੰਗ ਪਾਦਰੀ ਦੇ ਦਫ਼ਤਰ ਨੂੰ ਕਿਰਾਏ 'ਤੇ ਦਿੱਤੀ ਹੈ। ਹਰਪਾਲ ਸਿੰਘ ਦਾ ਕਹਿਣਾ ਹੈ ਕਿ ਫਾਦਰ ਐਂਥਨੀ ਨੇ ਉਨ੍ਹਾਂ ਨੂੰ ਕਿਸੇ ਕੰਮ ਲਈ ਬੁਲਾਇਆ ਸੀ ਪਰ ਖੰਨਾ ਪੁਲਿਸ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਹਵਾਲਾ ਕਾਰੋਬਾਰੀ ਬਣਾ ਦਿੱਤਾ।


ਇਲੈਕਟ੍ਰਿਕਲ ਇੰਜੀਨੀਅਰ ਹਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਲਾਏ ਇਲਜ਼ਾਮਾਂ ਕਰਕੇ ਹੁਣ ਉਨ੍ਹਾਂ ਨੂੰ ਪਰਿਵਾਰ ਤੇ ਆਪਣੇ ਬੱਚਿਆਂ ਵਿੱਚ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਖੰਨਾ ਪੁਲਿਸ ਨੇ ਬਿਨਾਂ ਕੁੱਝ ਦੱਸੇ ਪੁਲਿਸ ਨੇ ਉਨ੍ਹਾਂ ਨੂੰ ਫਾਦਰ ਦੇ ਘਰੋਂ ਚੁੱਕਿਆ ਤੇ ਥਾਣੇ ਲੈ ਗਏ। ਫਾਦਰ ਐਂਥਨੀ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਸੇ ਕੰਮ ਲਈ ਬੁਲਾਇਆ ਸੀ। ਫਾਦਰ ਦੇ ਘਰ ਜਿਹੜੇ ਲੋਕ ਮੌਜੂਦ ਸਨ, ਉਨ੍ਹਾਂ ਬਾਰੇ ਉਹ ਬਿਲਕੁਲ ਅਨਜਾਣ ਸਨ। ਫਾਦਰ ਨੇ ਉਨ੍ਹਾਂ ਨੂੰ ਇੰਨਾ ਦੱਸਿਆ ਸੀ ਕਿ ਬੈਂਕ ਵਾਲੇ ਘਰ ਆਏ ਹੋਏ ਹਨ।

ਇਹ ਵੀ ਪੜ੍ਹੋ- 9.6 ਕਰੋੜ ਦੀ ਰਕਮ ਨੂੰ ਹਵਾਲਾ ਰਾਸ਼ੀ ਦਰਸਾਉਣ ਦੇ ਚੱਕਰਾਂ 'ਚ ਖ਼ੁਦ ਹੀ ਫਸੀ ਖੰਨਾ ਪੁਲਿਸ

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਉਂਦਿਆਂ ਹੀ ਉਨ੍ਹਾਂ ਦੇ ਸਾਰੇ ਮੋਬਾਈਲ ਖੋਹ ਲਏ। ਆਉਂਦਿਆਂ ਹੀ ਪੁਲਿਸ ਨੇ ਉਨ੍ਹਾਂ ਸਾਰਿਆਂ ਨੂੰ ਪਿਸਟਲ ਵਿਖਾਈ। ਪੁਲਿਸ ਉਨ੍ਹਾਂ ਨੂੰ ਨਾਲ ਲੈ ਗਈ ਤੇ ਥਾਣੇ ਲਿਜਾ ਕੇ ਇੱਕ ਕੋਨੇ ਵਿੱਚ ਬਿਠਾ ਦਿੱਤਾ। ਉਨ੍ਹਾਂ ਦਾ ਪਰਿਵਾਰ ਪਿੱਛੋਂ ਉਨ੍ਹਾਂ ਨੂੰ ਲੱਭਦਾ ਰਿਹਾ। ਪੁਲਿਸ ਨੇ ਉਨ੍ਹਾਂ ਨੂੰ ਆਪਣੇ ਘਰ ਫੋਨ ਵੀ ਨਹੀਂ ਕਰਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਫਾਦਰ ਦੇ ਦਫ਼ਤਰ ਨੂੰ ਕਿਰਾਏ 'ਤੇ ਦਿੱਤੀ ਆਪਣੀ ਬਿਲਡਿੰਗ ਦੇ ਸਾਰੇ ਕਾਗਜ਼ ਇਨਕਮ ਟੈਕਸ ਵਾਲਿਆਂ ਨੂੰ ਵਿਖਾ ਦਿੱਤੇ ਸੀ। ਉਨ੍ਹਾਂ ਕੋਲ ਫਾਦਰ ਦੇ ਨਾਲ ਕੀਤੇ ਪੂਰੇ ਰੈਂਟ ਐਗਰੀਮੈਂਟ ਮੌਜੂਦ ਹਨ।