ਫਾਜ਼ਿਲਕਾ: ਫਿਰੋਜ਼ਪੁਰ ਰੋਡ 'ਤੇ ਲਗਪਗ 10 ਸਾਲਾਂ ਤੋਂ ਚੇਤਕ ਇੰਟਰਪ੍ਰਾਈਜ਼ ਵੱਲੋਂ ਦੋ ਟੋਲ ਪਲਾਜ਼ਾ ਚਲਾਏ ਜਾ ਰਹੇ ਹਨ। ਇਨ੍ਹਾਂ ਟੋਲ ਪਲਾਜ਼ਿਆਂ ਦੀ ਆਪਸ ਵਿੱਚ ਦੂਰੀ ਮਹਿਜ਼ 30 ਕਿਲੋਮੀਟਰ ਹੈ। ਇਸ 'ਤੇ ਫਾਜ਼ਿਲਕਾ ਦੇ ਕਾਂਗਰਸ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਮੋਰਚਾ ਖੋਲ੍ਹਦਿਆਂ ਕਿਹਾ ਕਿ 30 ਕਿਲੋਮੀਟਰ ਦੇ ਖੇਤਰ ਵਿੱਚ ਹੋਰ ਟੋਲ ਪਲਾਜ਼ਾ ਨਹੀਂ ਲੱਗ ਸਕਦਾ।


ਵਿਧਾਇਕ ਘੁਬਾਇਆ ਨੇ ਕਿਹਾ ਕਿ ਚੇਤਕ ਇੰਟਰਪ੍ਰਾਈਜਜ ਨੇ ਧੋਖੇ ਨਾਲ ਇਹ ਟੋਲ ਪਲਾਜ਼ਾ ਲਾਇਆ ਹੈ, ਜੋ ਜਲਦੀ ਹੀ ਬੰਦ ਕਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਵਿਜੀਲੈਂਸ ਜਾਂਚ ਕਰਵਾ ਕੇ ਲੋਕਾਂ ਤੋਂ ਬਰਾਮਦ ਹੋਏ ਕਰੋੜਾਂ ਰੁਪਏ ਉਨ੍ਹਾਂ ਨੂੰ ਵਾਪਸ ਕਰਾਏ ਜਾਣਗੇ।


ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਟੋਲ ਪਲਾਜ਼ਾ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਇਹ ਅਪ-ਡਾਊਨ ਦੀ ਪਰਚੀ 24 ਘੰਟਿਆਂ ਲਈ ਵੈਲਿਡ ਨਹੀਂ ਕਰਦੇ। ਜਲਾਲਾਬਾਦ ਤੋਂ ਇੱਕ ਵਕੀਲ ਨੇ ਉਨ੍ਹਾਂ ਖ਼ਿਲਾਫ਼ ਹਾਈ ਕੋਰਟ ਵਿੱਚ ਵੀ ਕੇਸ ਵੀ ਲਾਇਆ ਹੈ ਤੇ ਉਹ ਉਹ ਕੇਸ ਜਿੱਤ ਵੀ ਗਏ ਹਨ।


ਉਨ੍ਹਾਂ ਦੇ ਸਰਕਾਰ ਨਾਲ ਸਮਝੌਤੇ ਵਿੱਚ ਲਿਖਿਆ ਹੈ ਕਿ ਫਾਜ਼ਿਲਕਾ ਤੋਂ ਜਲਾਲਾਬਾਦ ਰੋਡ 'ਤੇ ਕੋਈ ਟੋਲ ਪਲਾਜ਼ਾ ਨਹੀਂ ਲਾਇਆ ਜਾਵੇਗਾ, ਪਰ ਉਨ੍ਹਾਂ ਨੇ ਮਿਲੀਭੁਗਤ ਕਰ ਕੇ ਨਾਜਾਇਜ਼ ਢੰਗ ਨਾਲ ਸਮਝੌਤਾ ਕਰਾਇਆ ਹੈ, ਜਿਸ ਨਾਲ ਉਹ ਵਿਜੀਲੈਂਸ ਤੋਂ ਜਾਂਚ ਕਰਵਾਉਣਗੇ ਤੇ ਲੋਕਾਂ ਤੋਂ ਲੁੱਟੇ ਗਏ ਪੈਸੇ ਵਾਪਸ ਕਰਾਉਣਗੇ।


ਇਸ ਬਾਰੇ ਜਦੋਂ ਚੇਤਕ ਐਂਟਰਪ੍ਰਾਈਜਜ਼ ਦੇ ਟੋਲ ਬੈਰੀਅਰ 'ਤੇ ਬੈਠੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਧਾਇਕ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ। ਉਹ ਜ਼ਿਲ੍ਹੇ ਦੇ ਡੀਸੀ ਤੇ ਏਡੀਸੀ ਨੂੰ ਉਨ੍ਹਾਂ ਦੇ ਹਰ ਪ੍ਰਸ਼ਨ ਦਾ ਉੱਤਰ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਦਾ ਸਰਕਾਰ ਨਾਲ ਸਮਝੌਤਾ ਹੋਇਆ ਹੈ, ਉਹ ਉਸੇ ਆਧਾਰ 'ਤੇ ਟੋਲ ਸਲਿੱਪ ਕੱਟਦੇ ਹਨ। ਉਨ੍ਹਾਂ ਕਿਹਾ ਕਿ ਉਹ ਕੁਝ ਗਲਤ ਨਹੀਂ ਕਰ ਰਹੇ।