ਲੁਧਿਆਣਾ: ਬਠਿੰਡਾ 'ਚ ਚੱਲ ਰਹੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਸਾਲ ਹਾਕੀ ਵਰਗ 'ਚ ਜਰਖੜ ਹਾਕੀ ਅਕੈਡਮੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਘੁੱਦਾ ਖੇਡ ਵਿੰਗ ਨੂੰ 5-1 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਜਰਖੜ ਹਾਕੀ ਅਕੈਡਮੀ ਨੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਬਠਿੰਡਾ ਨੂੰ 4-0 ਨਾਲ ਹਰਾਇਆ ਅਤੇ ਪ੍ਰੀ ਕੁਆਰਟਰ ਮੁਕਾਬਲੇ 'ਚ ਜ਼ਿਲ੍ਹਾ ਅੰਮ੍ਰਿਤਸਰ ਨੂੰ 4-0 ਨਾਲ ਹਰਾਇਆ।
ਇਸ ਤੋਂ ਪਹਿਲਾਂ ਜਰਖੜ ਹਾਕੀ ਅਕੈਡਮੀ ਨੇ ਲੀਗ ਦੌਰ ਵਿੱਚ ਪਟਿਆਲਾ ਨੂੰ 9-0 ਨਾਲ, ਜ਼ਿਲ੍ਹਾ ਮੁਹਾਲੀ ਨੂੰ 2-0 ਨਾਲ ਤੇ ਬੁਰਜ਼ ਸਾਹਿਬ ਹਾਕੀ ਅਕੈਡਮੀ ਗੁਰਦਾਸਪੁਰ ਨੂੰ 5-0 ਨਾਲ ਹਰਾਇਆ ਜਦਕਿ ਐਸਜੀਪੀਸੀ ਅਕੈਡਮੀ ਨਾਲ ਮੁਕਾਬਲਾ ਗੋਲ ਰਹਿਤ ਬਰਾਬਰ ਰਿਹਾ। ਸੈਮੀਫਾਈਨਲ ਮੁਕਾਬਲੇ ਵਿੱਚ ਖਡੂਰ ਸਾਹਿਬ ਅਕੈਡਮੀ (ਤਰਨ ਤਾਰਨ) ਨੇ ਜਰਖੜ ਹਾਕੀ ਅਕੈਡਮੀ ਨੂੰ 2-0 ਨਾਲ ਹਰਾਇਆ।
ਜਰਖੜ ਅਕੈਡਮੀ ਦੇ ਸਮੂਹ ਖਿਡਾਰੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਜਰਖੜ ਪੁੱਜਣ ਤੇ ਪ੍ਰਿੰਸੀਪਲ ਹਰਦੇਵ ਸਿੰਘ ਤੇ ਸਮੂਹ ਸਟਾਫ਼ ਨੇ ਇਸੇ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਹਰਦੇਵ ਸਿੰਘ ਤੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਵਧਾਈ ਦਿੱਤੀ ਤੇ ਅਕੈਡਮੀ ਦੇ ਕੋਚ ਗੁਰਸਤਿੰਦਰ ਸਿੰਘ ਪ੍ਰਗਟ ਤੇ ਸਰੀਰਕ ਸਿੱਖਿਆ ਅਧਿਆਪਕ ਮੈਡਮ ਪਰਮਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਾਰੇ ਜੇਤੂ ਖਿਡਾਰੀਆਂ ਤੇ ਕੋਚਾਂ ਨੂੰ ਸਕੂਲ ਦੇ ਸਟਾਫ਼ ਵੱਲੋਂ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।