ਫਾਜ਼ਿਲਕਾ: ਸੀਪੀਆਈ ਦੇ ਕਾਮਰੇਡ ਵਰਕਰਾਂ ਅਤੇ ਰੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਅੱਜ ਪਿਛਲੇ ਇੱਕ ਮਹੀਨੇ ਤੋਂ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਫਾਜ਼ਿਲਕਾ ਵਿੱਚ ਰੇਤ ਦੀ ਖੱਡ ਅੱਗੇ ਪ੍ਰਸ਼ਾਸਨ ਅਤੇ ਠੇਕੇਦਾਰ ਖਿਲਾਫ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਨਾਜਾਇਜ਼ ਮਾਈਨਿੰਗ ਉੱਤੇ ਰੋਕ ਲਾਉਣ ਦੀ ਮੰਗ ਕੀਤੀ। ਉਨ੍ਹਾਂ ਇਸ ਦੀ ਨਿਰਪੱਖ ਜਾਂਚ ਕਰਨ ਅਤੇ ਮਸ਼ੀਨਾਂ ਨੂੰ ਬੰਦ ਕਰਵਾ ਕੇ ਮਜ਼ਦੂਰਾਂ ਨੂੰ ਕੰਮ ਦੇਣ ਦੀ ਮੰਗ ਕੀਤੀ।
ਇਸ ਮਾਮਲੇ ’ਚ ਸਾਰਾ ਦਿਨ ਧਰਨੇ ਉੱਤੇ ਬੈਠੇ ਸੀਪੀਆਈ ਵਰਕਰਾਂ ਅਤੇ ਰੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਸਰਕਾਰ ਅਤੇ ਠੇਕੇਦਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਭਾਰੀ ਪੁਲਿਸ ਬਲ ਵੀ ਤਾਇਨਾਤ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ ਦੇ ਵਰਕਰਾਂ ਤੇ ਮਜ਼ਦੂਰਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋ ਫਾਜਿਲਕਾ ਵਿੱਚ ਰੇਤ ਠੇਕੇਦਾਰ ਮਨਮਰਜ਼ੀ ਨਾਲ ਰੇਤ ਦੀ ਨਿਕਾਸੀ ਕਰ ਰਹੇ ਹਨ। ਇਸ ਵਿੱਚ ਪੋਕਲੈਂਡ ਮਸ਼ੀਨਾਂ ਨਾਲ ਨਿਯਮਾਂ ਨੂੰ ਤਾਕ ਉੱਤੇ ਰੱਖ ਕੇ ਢੁਗਾਈ ਨਾਲ ਰੇਤ ਕੱਢੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਫਾਜ਼ਿਲਕਾ ਦੇ ਡੀਸੀ ਅਤੇ ਹੋਰ ਅਧਿਕਾਰੀ ਠੇਕੇਦਾਰ ਉੱਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ। ਇਸੇ ਕਰਕੇ ਉਨ੍ਹਾਂ ਅੱਜ ਫਾਜ਼ਿਲਕਾ ਵਿੱਚ ਰੇਤ ਠੇਕੇਦਾਰ ਦੀ ਖੱਡ ਅੱਗੇ ਇਹ ਧਰਨਾ ਲਗਾਇਆ ਹੈ।