ਚੰਡੀਗੜ੍ਹ: ਤਿੰਨ ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ 'ਚ ਹਲਚਲ ਮੱਚ ਗਈ ਹੈ। ਵਿਧਾਇਕ ਰਾਣਾ ਗਰੁਮੀਤ ਸੋਢੀ ਮਗਰੋਂ ਫ਼ਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਦੇ ਬੀਜੇਪੀ ਵਿੱਚ ਜਾਣ 'ਤੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ ਸੀ। ਇਸ ਲਈ ਉਹ ਬੀਜੇਪੀ ਵਿੱਚ ਚਲੇ ਗਏ। ਕਾਂਗਰਸ ਦੇ ਇਸ ਦਾਅਵੇ ਨਾਲ ਟਿਕਟ ਦੇ ਦਾਅਵੇਦਾਰਾਂ ਦੇ ਨਾਲ-ਨਾਲ ਵਿਧਾਇਕਾਂ ਤੇ ਮੰਤਰੀਆਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਕਾਂਗਰਸ ਹਾਈਕਮਾਂਡ ਨੇ ਇਹ ਯਕੀਨੀ ਬਣਾਉਣ ਲਈ ਦਿੱਲੀ 'ਚ ਮੀਟਿੰਗ ਸੱਦੀ ਹੈ ਕਿ ਕਾਂਗਰਸ ਦੀ ਕੋਈ ਹੋਰ ਵਿਕਟ ਨਾ ਡਿੱਗੇ।

ਦੱਸ ਦਈਏ ਕਿ ਪੰਜਾਬ 'ਚ ਹੁਣ ਤਕ 3 ਮੌਜੂਦਾ ਵਿਧਾਇਕ ਕਾਂਗਰਸ ਛੱਡ ਚੁੱਕੇ ਹਨ। ਸਭ ਤੋਂ ਪਹਿਲਾਂ ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਰਾਣਾ ਗੁਰਮੀਤ ਸੋਢੀ ਨੇ ਕਾਂਗਰਸ ਛੱਡ ਦਿੱਤੀ। ਉਹ ਕੈਪਟਨ ਸਰਕਾਰ 'ਚ ਖੇਡ ਮੰਤਰੀ ਸਨ। ਇਸ ਤੋਂ ਬਾਅਦ ਕਾਦੀਆਂ ਤੋਂ ਵਿਧਾਇਕ ਫ਼ਤਿਹਜੰਗ ਬਾਜਵਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਲਾਡੀ ਨੇ ਪਾਰਟੀ ਛੱਡ ਦਿੱਤੀ। ਤਿੰਨੋਂ ਭਾਜਪਾ 'ਚ ਸ਼ਾਮਲ ਹੋ ਗਏ ਹਨ। ਤਿੰਨਾਂ ਦੇ ਜਾਣ ਤੋਂ ਬਾਅਦ ਕਾਂਗਰਸੀ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲਣੀਆਂ ਸੀ।

ਕਾਂਗਰਸ ਦੇ ਇਸ ਦਾਅਵੇ ਕਾਰਨ ਬਾਕੀ ਵਿਧਾਇਕਾਂ ਨੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕਾਂਗਰਸ ਆਪਣਾ ਪੱਤਾ ਨਾ ਕੱਟ ਦੇਵੇ। ਇਸ ਦਾ ਕਾਰਨ ਇਹ ਹੈ ਕਿ ਕਈ ਵਿਧਾਇਕ ਤੇ ਮੰਤਰੀ ਪਿਛਲੇ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਉਸ ਵੇਲੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਵਿਰੋਧ ਕਰਦੇ ਸਨ। ਹੁਣ ਸਿੱਧੂ ਧੜੇ ਦੀ ਚੜ੍ਹਤ ਹੈ। ਇਸ ਲਈ ਉਨ੍ਹਾਂ ਨੂੰ ਟਿਕਟ ਕੱਟੇ ਜਾਣ ਦਾ ਡਰ ਹੈ।

ਦੱਸ ਦਈਏ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਭਾਜਪਾ ਨਾਲ ਗਠਜੋੜ ਕਰਕੇ ਚੋਣ ਲੜ ਰਹੇ ਹਨ। ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ ਹੈ। ਅਕਾਲੀ ਦਲ ਨੇ ਲਗਪਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ‘ਆਪ’ ਨੇ ਵੀ 93 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਜਿਹੇ 'ਚ ਜੇਕਰ ਕਾਂਗਰਸ ਦੇ ਕਿਸੇ ਵਿਧਾਇਕ ਜਾਂ ਮੰਤਰੀ ਦੀ ਟਿਕਟ ਕੱਟੀ ਜਾਂਦੀ ਹੈ ਤਾਂ ਉਸ ਨੂੰ ਆਜ਼ਾਦ ਖੜ੍ਹੇ ਹੋਣਾ ਪਵੇਗਾ, ਜਿਸ 'ਚ ਹਾਰ ਦਾ ਖਤਰਾ ਜ਼ਿਆਦਾ ਹੈ। ਫਿਲਹਾਲ ਕੈਪਟਨ-ਭਾਜਪਾ ਗਠਜੋੜ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਜਿਸ ਕਰਕੇ ਆਗੂ ਭਾਜਪਾ ਦੀ ਸ਼ਰਨ ਲੈ ਰਹੇ ਹਨ।

ਪੰਜਾਬ ਕਾਂਗਰਸ 'ਚ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ। ਪਾਰਟੀ ਪ੍ਰਧਾਨ ਨਵਜੋਤ ਸਿੱਧੂ ਵੱਖਰੀ ਰਾਹ 'ਤੇ ਤੁਰ ਰਹੇ ਹਨ। ਸਕ੍ਰੀਨਿੰਗ ਕਮੇਟੀ ਦੇ ਐਲਾਨ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਕੇ ਉਨ੍ਹਾਂ ਨੂੰ ਜਿਤਾਉਣ ਲਈ ਕਹਿ ਰਹੇ ਹਨ। ਸੀਐਮ ਚਰਨਜੀਤ ਚੰਨੀ ਵੀ ਚੋਣ ਰੈਲੀਆਂ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਮਾਝੇ ਦੇ ਮੰਤਰੀਆਂ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਸੁੱਖ ਸਰਕਾਰੀਆ ਦਾ ਵੱਖਰਾ ਗਰੁੱਪ ਬਣਾਇਆ ਹੋਇਆ ਹੈ।

ਇਨ੍ਹਾਂ ਤਿੰਨਾਂ ਦੇ ਨਾਲ ਹੀ ਚੰਡੀਗੜ੍ਹ 'ਚ ਤਾਇਨਾਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਵਿਧਾਇਕਾਂ ਤੇ ਆਗੂਆਂ ਨਾਲ ਸਿੱਧੇ ਤੌਰ 'ਤੇ ਰਾਬਤਾ ਕਾਇਮ ਕਰ ਲਿਆ ਹੈ। ਅਜਿਹੇ 'ਚ ਕਾਂਗਰਸੀ ਉਲਝਣ 'ਚ ਹਨ ਕਿ ਉਹ ਕਿਸ ਨਾਲ ਜਾਣ, ਕਿਉਂਕਿ ਇੱਕ ਨਾਲ ਜਾਣ 'ਤੇ ਬਾਕੀ ਤਿੰਨਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨ ਦਾ ਖਤਰਾ ਹੈ। ਅਜਿਹੇ 'ਚ ਇਹ ਭੰਬਲਭੂਸਾ ਸਿਆਸੀ ਭਵਿੱਖ ਨੂੰ ਨੁਕਸਾਨ ਨਾ ਪਹੁੰਚਾ ਦੇਵੇ, ਇਸ ਲਈ ਉਹ ਦੂਜੀਆਂ ਪਾਰਟੀਆਂ ਵਿੱਚ ਵੀ ਗੋਟੀਆਂ ਫਿੱਟ ਕਰਨ 'ਚ ਲੱਗੇ ਹੋਏ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904