ਲੁਧਿਆਣਾ: ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਸਬੰਧੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਬੰਬ ਧਮਾਕਾ ਕਰਨ ਦੇ ਦੋਸ਼ੀ ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੜਤਾਲ ਮਗਰੋਂ ਖੰਨਾ ਦੇ ਐਸਐਸਪੀ ਬਲਵਿੰਦਰ ਸਿੰਘ ਵੱਲੋਂ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਤੌਰ ਪੁਲਿਸ ਮੁਲਾਜ਼ਮ ਇੱਕ ਦੋਸ਼ੀ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਕਮਲਜੀਤ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਗਗਨਦੀਪ ਨਾਲ ਹੋਰ ਲਿੰਕ ਸਾਹਮਣੇ ਆਉਣ 'ਤੇ ਕਮਲਜੀਤ ਕੌਰ ਨੂੰ ਬਰਖ਼ਸਤ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਐਨਆਈਏ ਵੀ ਲਗਾਤਾਰ ਪੁਛਗਿੱਛ ਕਰ ਰਹੀ ਹੈ।
ਦੱਸ ਦਈਏ ਕਿ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਵਿੱਚ ਗਗਨਦੀਪ ਮਾਰਿਆ ਗਿਆ ਸੀ। ਉਹ ਪੁਲਿਸ ਦਾ ਬਰਖਾਸਤ ਮੁਲਾਜ਼ਮ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਗਨਦੀਪ ਨੇ ਹੀ ਬੰਬ ਧਮਾਕਾ ਕੀਤਾ ਸੀ। ਇਸ ਘਟਨਾ ਤੋਂ ਪਹਿਲਾਂ ਉਹ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਮਿਲਿਆ ਸੀ।
ਉਧਰ, ਇਸ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਐਨਆਈਏ ਨੇ ਲੁਧਿਆਣਾ ਬੰਬ ਧਮਾਕੇ ਵਿੱਚ ਸਿੱਖਸ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਮੁਲਤਾਨੀ ਵਿਰੁੱਧ ਕੇਸ ਦਰਜ ਕੀਤਾ ਹੈ। ਐਨਆਈਏ ਨੇ 30 ਦਸੰਬਰ ਨੂੰ RC- 35/2021/NIA/DLI ਆਈਪੀਸੀ ਦੀ ਧਾਰਾ 120B ਤੇ 121A ਤੇ UA(P) ਐਕਟ, 1967 ਦੀਆਂ ਧਾਰਾਵਾਂ 10, 13, 17, 18 ਤੇ 18B ਦੇ ਤਹਿਤ ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਕੇਸ ਦਰਜ ਕੀਤਾ ਹੈ।
ਐਨਆਈਏ ਨੇ ਕਿਹਾ ਹੈ ਕਿ ਇਹ ਕੇਸ ਜਸਵਿੰਦਰ ਮੁਲਤਾਨੀ ਦੁਆਰਾ ਵਿਦੇਸ਼ਾਂ ਵਿੱਚ ਸਥਿਤ ਕਈ ਹੋਰ ਖਾਲਿਸਤਾਨ ਪੱਖੀ ਤੱਤਾਂ ਨਾਲ ਮਿਲ ਕੇ ਪੰਜਾਬ ਵਿੱਚ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੱਟੜਪੰਥੀ ਬਣਾਉਣ, ਅੱਤਵਾਦੀ ਗਤੀਵਿਧੀਆਂ ਲਈ ਪ੍ਰੇਰਿਤ ਕਰਨ ਤੇ ਭਰਤੀ ਕਰਨ ਲਈ ਰਚੀ ਗਈ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਕੀਤਾ ਗਿਆ ਹੈ।