Punajb News: ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦੁਲਚੀਕੇ ਵਿੱਚ ਮੇਲਾ ਲਗਾਇਆ ਗਿਆ। ਮੇਲੇ ਵਿੱਚ ਕਿਸ਼ਤੀ ਵਾਲਾ ਝੂਲਾ ਵੀ ਲਗਾਇਆ ਗਿਆ ਸੀ। ਇਸ ਝੂਲੇ ਵਿੱਚ ਪਿੰਡ ਦੇ ਤਿੰਨ ਜਵਾਕ ਵੀ ਝੂਟਾ ਲੈ ਰਹੇ ਸਨ, ਇਸ ਦੌਰਾਨ ਅਚਾਨਕ  ਝੂਲੇ ਨਾਲ ਜੁੜੀ ਰੱਸੀ ਇਨ੍ਹਾਂ ਬੱਚਿਆਂ ਦੇ ਗਲ ਵਿੱਚ ਫਸ ਗਈ। ਰੱਸੀ ਫਸ ਜਾਣ ਕਾਰਨ ਤਿੰਨੋਂ ਨੌਜਵਾਨ ਹੇਠਾਂ ਡਿੱਗ ਪਏ ਅਤੇ ਝੂਲਾ ਉਨ੍ਹਾਂ ਨੂੰ ਟੱਕਰ ਮਾਰਦਾ ਰਿਹਾ। ਇਸ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਝੂਲੇ ਦਾ ਮਾਲਕ ਫਰਾਰ ਹੋ ਗਿਆ।


ਮ੍ਰਿਤਕ ਨੌਜਵਾਨ ਦੀ ਪਛਾਣ 16 ਸਾਲਾ ਅਮਨਦੀਪ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿੰਡ ਦੁਲਚੀਕੇ ਵਿਖੇ ਮੇਲਾ ਦੇਖਣ ਗਿਆ ਸੀ। ਉਸ ਦਾ ਲੜਕਾ ਅਮਨਦੀਪ ਅਤੇ ਦੋ ਹੋਰ ਨੌਜਵਾਨ ਝੂਲੇ 'ਚ ਝੂਲ ਰਹੇ ਸਨ। ਫਿਰ ਅਚਾਨਕ ਇੱਕ ਰੱਸੀ ਟੁੱਟ ਕੇ ਉਨ੍ਹਾਂ ਦੇ ਗਲੇ ਵਿੱਚ ਫਸ ਗਈ ਅਤੇ ਤਿੰਨੋਂ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਵੀ ਝੂਲੇ ਚਾਲਕ ਨੇ ਝੂਲੇ ਨੂੰ ਨਹੀਂ ਰੋਕਿਆ। ਜਿਸ ਕਾਰਨ ਝੂਲੇ ਨੇ ਤਿੰਨਾਂ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਉਹ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਵੀ ਕਾਫੀ ਦੇਰ ਤੱਕ ਉਨ੍ਹਾਂ ਤਿੰਨਾਂ ਨੂੰ ਕਿਸੇ ਨੇ ਨਹੀਂ ਚੁੱਕਿਆ। ਇਸ ਤੋਂ ਬਾਅਦ ਪਿੰਡ ਕਾਲੂਵਾਲਾ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਉਦੋਂ ਤੱਕ ਅਮਨਦੀਪ ਦੀ ਮੌਤ ਹੋ ਚੁੱਕੀ ਸੀ।


ਪੁਲੀਸ ਫਰਾਰ ਝੂਲੇ ਦੇ ਮਾਲਕ ਦੀ ਭਾਲ ਵਿੱਚ ਜੁਟੀ


ਥਾਣਾ ਸਦਰ ਦੇ ਇੰਚਾਰਜ ਰਵੀ ਚੌਹਾਨ ਨੇ ਅਮਨਦੀਪ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੋ ਗੰਭੀਰ ਜ਼ਖਮੀ ਨੌਜਵਾਨ ਅਜੇ ਵੀ ਜ਼ੇਰੇ ਇਲਾਜ ਹਨ। ਪੁਲਿਸ ਝੂਲੇ ਦੇ ਮਾਲਕ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਨੇ ਪਿੰਡ ਦੀ ਪੰਚਾਇਤ ਤੋਂ ਮੇਲੇ ਵਿੱਚ ਲਗਾਏ ਝੂਲਿਆਂ ਅਤੇ ਦੁਕਾਨਦਾਰਾਂ ਦੀ ਸੂਚੀ ਇਕੱਠੀ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਝੂਲੇ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।