ਬੇਕਾਬੂ ਬੱਸ ਜੀਪ ਨਾਲ ਟਕਰਾਈ, ਇੱਕ ਮੌਤ, ਬੱਸ ਚਾਲਕ ਫਰਾਰ
ਏਬੀਪੀ ਸਾਂਝਾ | 09 Mar 2019 08:27 PM (IST)
ਫਾਜ਼ਿਲਕਾ: ਪਿੰਡ ਬੱਲੂਆਣਾ ਤੋਂ ਕੁਝ ਦੂਰੀ ’ਤੇ ਅੱਜ ਦੁਪਹਿਰ ਤੇਜ਼ ਰਫ਼ਤਾਰ ਬੱਸ ਤੇ ਜੀਪ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਘਟਨਾ ਵਿੱਚ ਜੀਪ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜਖ਼ਮੀ ਹੋ ਗਏ। ਘਟਨਾ ਪਿੱਛੋਂ ਬੱਸ ਚਾਲਕ ਫਰਾਰ ਹੋ ਗਿਆ। ਜਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਖਿੱਪਾਂਵਾਲੀ ਦੇ ਰਹਿਣ ਵਾਲੇ ਵਿਕਰਮ ਤੇ ਵਿਨੋਦ ਕੁਮਾਰ ਅਤੇ ਪਿੰਡ ਘੱਲੂ ਦੇ ਰਹਿਣ ਵਾਲੇ ਅਨਿਲ ਕੁਮਾਰ ਜੀਪ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਤੋਂ ਡੱਬਵਾਲੀ ਜਾ ਰਹੇ ਸੀ। ਇਸੇ ਦੌਰਾਨ ਬੱਲੂਆਣਾ ਤੋਂ ਕੁਝ ਦੂਰੀ ’ਤੇ ਪਿੰਡ ਕੱਟਿਆਂਵਾਲੀ ਦੇ ਨਜ਼ਦੀਕ ਉਨ੍ਹਾਂ ਦੀ ਜੀਪ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੱਸ ਜੀਪ ਨਾਲ ਟਕਰਾ ਗਈ। ਇਸ ਘਟਨਾ ਨਾਲ ਜੀਪ ’ਚ ਸਵਾਰ ਤਿੰਨੇ ਜਣੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਵਿਨੋਦ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਵਿਕਰਮ ਤੇ ਅਨਿਲ ਕੁਮਾਰ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਬੱਸ ਕਬਜ਼ੇ ਵਿੱਚ ਲੈ ਲਈ ਹੈ।