ਲੁਧਿਆਣਾ: ਬੀਤੇ ਕੱਲ੍ਹ ਲੁਧਿਆਣਾ ਜੇਲ੍ਹ ਵਿੱਚ ਹੋਈ ਹਿੰਸਾ ਮਗਰੋਂ ਪੁਲਿਸ ਨੇ 22 ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕਾਰਵਾਈ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਟਨਾ ਸਥਾਨ ਦੇ ਦੌਰੇ ਉਪਰੰਤ ਸਾਹਮਣੇ ਆਈ ਹੈ। ਕੈਦੀਆਂ ਨੇ ਵੀਰਵਾਰ ਨੂੰ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਵਿੱਚ ਜ਼ੋਰਦਾਰ ਹੰਗਾਮਾ ਤੇ ਹਿੰਸਾ ਕੀਤੀ ਸੀ। ਥਾਣਾ ਡਵੀਜ਼ਨ ਨੰਬਰ ਸੱਤ ਵਿੱਚ ਪੁਲਿਸ 'ਤੇ ਹਮਲਾ ਕਰਨ ਤੇ ਜੇਲ੍ਹ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਹੇਠ ਕੇਸ ਦਰਜ ਹੋਇਆ ਹੈ।

ਮੁਲਜ਼ਮਾਂ ਵਿੱਚ ਗਗਨਦੀਪ, ਘਨੱਈਆ, ਰਣਬੀਰ, ਭੁਪਿੰਦਰ ਸਿੰਘ, ਬੂਟਾ ਖ਼ਾਨ, ਬੱਬੂ, ਗੱਗੂ, ਵਿਸ਼ਾਲ, ਪੰਕਜ, ਸੁੰਨੀ, ਅਜੀਤ, ਸਰਵਣ, ਰਣਜੀਤ, ਗੁਰਜੰਟ, ਰੋਮਿਸ਼, ਕਰਨਜੋਤ ਜੱਟਾ, ਰਾਕੇਸ਼, ਕੁਇਮ ਖ਼ਾਨ, ਕਰਮਜੀਤ ਤੇ ਹੋਰ ਸ਼ਾਮਲ ਹਨ। ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਕੈਦੀ ਆਪਸ ਵਿੱਚ ਝਗੜ ਪਏ ਸਨ ਤੇ ਇੱਕ-ਦੂਜੇ 'ਤੇ ਇੱਟਾਂ ਰੋੜੇ ਵਰ੍ਹਾਉਣ ਲੱਗ ਪਏ।

ਕੈਦੀਆਂ ਨੇ ਗੈਸ ਸਿਲੰਡਰਾਂ, ਰਿਕਾਰਡ ਰੂਮ, ਟਰੈਕਟਰ ਤੇ ਜੇਲ੍ਹ ਵਿੱਚ ਖੜ੍ਹੇ ਇੱਕ ਹੋਰ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ ਜਦਕਿ ਪੰਜ ਕੈਦੀ ਤੇ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਮ੍ਰਿਤਕ ਦੀ ਪਛਾਣ ਅਜੀਤ ਬਾਬਾ ਵਜੋਂ ਹੋਈ ਹੈ, ਜਿਸ ਦੀ ਮੌਤ ਗੋਲ਼ੀ ਕਾਰਨ ਹੋਈ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਕੈਦੀਆਂ ਵਿਚਕਾਰ ਗੱਲ ਫੈਲ ਗਈ ਸੀ ਕਿ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਅਧੀਨ ਕੈਦੀ ਸੰਨੀ ਸੂਦ ਦੀ ਮੌਤ ਹੋ ਗਈ ਹੈ, ਜਿਸ ਮਗਰੋਂ ਉਹ ਭੜਕ ਉੱਠੇ।