ਸੰਗਰੂਰ: ਜ਼ਿਲ੍ਹੇ ਦੇ ਕਸਬੇ ਮੂਣਕ ਅਧੀਨ ਪੈਂਦੇ ਪਿੰਡ ਬਖੌਰਾ ਕਲਾਂ ਵਿੱਚ ਬੀਤੇ ਕੱਲ੍ਹ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਪਛਾਣ ਕਰਨ ਆਏ ਅਧਿਕਾਰੀਆਂ ਨੂੰ ਮੌਕੇ 'ਤੇ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਸੀ। ਪੁਲਿਸ ਨੇ ਇਸ ਸਬੰਧੀ ਪਟਵਾਰੀ ਦੇ ਬਿਆਨਾਂ 'ਤੇ ਸਰਕਾਰੀ ਕੰਮ ਵਿੱਚ ਅੜਿੱਕਾ ਡਾਹੁਣ ਦੇ ਇਲਜ਼ਾਮ ਤਹਿਤ ਪਿੰਡ ਦੇ ਕੁੱਲ 6 ਕਿਸਾਨਾਂ ਵਿਰੁੱਧ ਪਰਚਾ ਦਰਜ ਕਰ ਲਿਆ। ਇਨ੍ਹਾਂ ਵਿੱਚੋਂ ਇੱਕ ਅਧਰੰਗ ਦਾ ਮਰੀਜ਼ ਹੈ, ਜੋ ਠੀਕ ਢੰਗ ਨਾਲ ਤੁਰ ਫਿਰ ਵੀ ਨਹੀਂ ਸਕਦਾ, ਆਪਣੇ ਘਰ ਦੇ ਅੰਦਰ ਹੀ ਰਹਿੰਦਾ ਹੈ।
ਹਲਕਾ ਗੁਰਨੇ ਦੇ ਪਟਵਾਰੀ ਬਲਵੀਰ ਸਿੰਘ, ਲਹਿਰਾਗਾਗਾ ਦੇ ਬੀ.ਡੀ.ਪੀ.ਓ. ਗੁਰਨੇਤ ਸਿੰਘ ਤੇ ਪੰਚਾਇਤ ਸਕੱਤਰ ਦਰਸ਼ਨ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਟੀਮ ਬੀਤੇ ਕੱਲ੍ਹ ਪਿੰਡ ਬਖੌਰਾ ਵਿੱਚ ਪਰਾਲੀ ਨੂੰ ਲਾਈ ਅੱਗ ਦਾ ਜਾਇਜ਼ਾ ਲੈਣ ਲਈ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਪਿੰਡ ਬਖੌਰਾ ਦੇ 6 ਕਿਸਾਨ ਦੇਵ ਸਿੰਘ, ਗੁਰਚਰਨ ਸਿੰਘ, ਸੁੱਖਾ ਸਿੰਘ, ਲੀਲਾ ਸਿੰਘ, ਮਿੱਠੂ ਸਿੰਘ ਤੇ ਗੁਰਚਰਨ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਜਾਣ ਤੋਂ ਰੋਕ ਲਿਆ। ਇਨ੍ਹਾਂ ਵਿੱਚੋਂ ਕਿਸਾਨ ਲੀਲਾ ਸਿੰਘ ਵੀ ਹੈ ਜੋ ਕਈ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਨਾਲ ਪੀੜਤ ਹੈ। ਲੀਲਾ ਸਿੰਘ ਦੇ ਜਾਣਕਾਰਾਂ ਮੁਤਾਬਕ ਉਹ ਘਰ ਵਿੱਚ ਵੀ ਬੜੀ ਔਖ ਨਾਲ ਤੁਰਦਾ ਫਿਰਦਾ ਹੈ ਤਾਂ ਫਿਰ ਉਹ ਖੇਤਾਂ ਵਿੱਚ ਅਧਿਕਾਰੀਆਂ ਨੂੰ ਘੇਰਨ ਕਿਵੇਂ ਆ ਗਿਆ।
ਕਿਸਾਨ ਯੂਨੀਅਨ ਦੇ ਆਗੂ ਨੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਲੀਲਾ ਸਿੰਘ ਦੇ ਹਸਪਤਾਲ ਦੀਆਂ ਰਿਪੋਰਟਾਂ ਵੀ ਵਿਖਾਈਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਅਧਰੰਗ ਦਾ ਮਰੀਜ਼ ਹੈ।
ਇਸ ਮਾਮਲੇ ਵਿੱਚ ਪਿੰਡ ਬਖੌਰਾ ਗਏ ਤਹਿਸੀਲਦਾਰ ਵਿਪਿਨ ਭੰਡਾਰੀ ਨੇ ਕਿਹਾ ਕਿ ਉਸ ਦੀ ਟੀਮ ਨੂੰ ਕਿਸਾਨਾਂ ਨੇ ਕੰਮ ਕਰਨ ਤੋਂ ਰੋਕਿਆ। ਜਦੋਂ ਉਸ ਤੋਂ ਲੀਲਾ ਸਿੰਘ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪਟਵਾਰੀ ਤੋਂ ਪੜਤਾਲ ਕਰਨ ਤੋਂ ਬਾਅਦ ਮਾਮਲੇ ਦੀ ਮੁੜ ਤੋਂ ਰਿਪੋਰਟ ਕੀਤੀ ਜਾਵੇਗੀ।