ਅਬੋਹਰ: ਐਨ.ਆਰ.ਆਈ. ਤੇ ਸ਼ਰਾਬ ਦੇ ਸਾਬਕਾ ਠੇਕੇਦਾਰ ਬਲਕਰਨ ਸਿੰਘ ਭੁੱਲਰ ਦਾ ਉਸੇ ਦੀ ਢਾਣੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸਵੇਰੇ ਸੈਰ ਕਰਨ ਗਏ ਭੁੱਲਰ 'ਤੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਮੌਕੇ 'ਤੇ ਫ਼ਾਜ਼ਿਲਕਾ ਦੇ ਪੁਲਿਸ ਕਪਤਾਨ ਤੇ ਉਪ ਪੁਲਿਸ ਕਪਤਾਨ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਬਲਕਰਨ ਸਿੰਘ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਤਿਉਹਾਰ ਵਾਲੇ ਦਿਨ ਇਸ ਤਰ੍ਹਾਂ ਦਿਨ ਦਿਹਾੜੇ ਕਤਲ ਹੋ ਜਾਣ ਕਾਰਨ ਇਲਾਕੇ ਵਿੱਚ ਸਹਿਮ ਫੈਲ ਗਿਆ ਹੈ। ਇਸ ਤੋਂ ਇਲਾਵਾ ਦਿਨੋ ਦਿਨ ਵਧ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਉੱਠ ਰਹੇ ਹਨ। ਦੱਸ ਦੇਈਏ ਕਿ ਬੀਤੀ 17 ਨੂੰ ਲੁਧਿਆਣਾ ਵਿੱਚ ਇੱਕ ਆਰ.ਐਸ.ਐਸ. ਆਗੂ ਦਾ ਕਤਲ ਕਰ ਦਿੱਤਾ ਗਿਆ ਸੀ। ਹਾਲੇ ਤਕ ਪੁਲਿਸ ਕਿਸੇ ਵੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।