ਬਠਿੰਡਾ: ਬਠਿੰਡਾ ਥਰਮਲ ਪਲਾਂਟ ਦੇ ਮੁਲਾਜ਼ਮਾਂ ਨੂੰ ਹੁਣ ਸਿਰਫ਼ ਰੱਬ ਦਾ ਆਸਰਾ ਹੈ। ਥਰਮਲ ਦੇ ਮੁਲਾਜ਼ਮਾਂ ਨੇ ਪਲਾਂਟ ਵਿੱਚ ਅਖੰਡ ਪਾਠ ਦੇ ਭੋਗ ਪਾਏ ਤੇ ਥਰਮਲ ਦਾ ਵਜੂਦ ਬਚਾਉਣ ਲਈ ਅਰਦਾਸ ਕੀਤੀ ਗਈ। ਪਹਿਲੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ 4 ਨਵੰਬਰ ਨੂੰ ਆ ਰਿਹਾ ਹੈ ਤੇ ਇਹ ਥਰਮਲ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਹੀ ਹੈ। ਮੁਲਾਜ਼ਮਾਂ ਨੂੰ ਡਰ ਹੈ ਕਿ ਸਰਕਾਰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਬਠਿੰਡਾ ਥਰਮਲ ਦਾ ਭੋਗ ਨਾ ਪਾ ਦੇਵੇ। ਉਂਜ ਪੰਜਾਬ ਸਰਕਾਰ ਵੱਲੋਂ ਥਰਮਲ ਮਾਮਲੇ 'ਤੇ ਬਣਾਈ ਕੈਬਨਿਟ ਸਬ-ਕਮੇਟੀ ਨੇ ਭਾਵੇਂ ਥਰਮਲ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ, ਪਰ ਇਸ ਥਰਮਲ ਤੋਂ ਉਤਪਾਦਨ ਬੰਦ ਕਰਾ ਦਿੱਤਾ ਹੈ ਤੇ ਇੱਥੇ ਕੋਲੇ ਦਾ ਭੰਡਾਰ ਵੀ ਮੁੱਕ ਗਿਆ ਹੈ।
ਬਠਿੰਡਾ ਥਰਮਲ ਪਲਾਂਟ ਵਿੱਚ ਕਰੀਬ ਇੱਕ ਹਜ਼ਾਰ ਰੈਗੂਲਰ ਮੁਲਾਜ਼ਮ ਹਨ, ਜਦੋਂਕਿ 850 ਕੱਚੇ ਮੁਲਾਜ਼ਮ ਵੀ ਹਨ। ਥਰਮਲ ਬੰਦ ਹੋਣ ਕਿਨਾਰੇ ਹੈ ਤੇ ਇਨ੍ਹਾਂ ਸੈਂਕੜੇ ਮੁਲਾਜ਼ਮਾਂ ਦਾ ਰੁਜ਼ਗਾਰ ਖੁੱਸਣ ਕਿਨਾਰੇ ਹੈ। ਥਰਮਲ ਨੂੰ ਬੰਦ ਹੋਣ ਤੋਂ ਬਚਾਉਣ ਲਈ ਪੰਚਾਇਤਾਂ ਵੱਲੋਂ ਵੀ ਸਹਿਮਤੀ ਪੱਤਰ ਦੇ ਧੜਾਧੜ ਦਸਤਖ਼ਤ ਕਰ ਕੇ ਇਹ ਪੱਤਰ ਸਰਕਾਰ ਨੂੰ ਭੇਜੇ ਗਏ ਹਨ ਤੇ ਇਸ ਮਾਮਲੇ ਵਿੱਚ ਹੁਣ ਲੋਕ ਲਹਿਰ ਬਣਨ ਲੱਗੀ ਹੈ।
ਥਰਮਲ ਦੀ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਉਹ ਥਰਮਲ ਲਈ ਹਾਈ ਕੋਰਟ ਤੇ ਫਿਰ ਲੋਕ ਕਚਹਿਰੀ ਵਿੱਚ ਗਏ ਹਨ ਅਤੇ ਹੁਣ ਬੱਸ ਰੱਬ ਦਾ ਆਸਰਾ ਹੈ। ਉਨ੍ਹਾਂ ਆਖਿਆ ਕਿ ਐਤਕੀਂ ਪਹਿਲੀ ਵਾਰ ਮੁਲਾਜ਼ਮ ਦੀਵਾਲੀ ਮੌਕੇ ਥਰਮਲ ਪਲਾਂਟ ਵਿੱਚ ਦੀਵੇ ਬਾਲਣਗੇ ਤਾਂ ਜੋ ਰੁਜ਼ਗਾਰ ਦੀ ਸੁੱਖ ਮੰਗੀ ਜਾ ਸਕੇ।