ਚੰਡੀਗੜ੍ਹ:   ਪੰਜਾਬ ਸਰਕਾਰ ਨੇ ਸਨਅਤੀ ਮਜ਼ਦੂਰਾਂ ਦੀ ਦਿਹਾੜੀ ਸਿਰਫ਼ 2.11 ਰੁਪਏ ਤੇ ਖੇਤ ਮਜ਼ਦੂਰਾਂ ਦੀ ਦਿਹਾੜੀ 2.41 ਰੁਪਏ ਵਧਾ ਕੇ ਦੀਵਾਲੀ ਦਾ 'ਤੋਹਫ਼ਾ' ਦਿੱਤਾ ਹੈ। ਪੰਜਾਬ ਸਰਕਾਰ ਨੇ ਇਹ 'ਤੋਹਫ਼ਾ' ਮਹਿੰਗਾਈ ਭੱਤੇ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਦਿੱਤਾ ਹੈ। ਮਜ਼ਦੂਰ ਇਸ ਨੂੰ ਕੈਪਟਨ ਸਰਕਾਰ ਦਾ ਮਜ਼ਦੂਰਾਂ ਨਾਲ ਮਜ਼ਾਕ ਦੱਸ ਰਹੇ ਹਨ।
ਸੂਬਾ ਸਰਕਾਰ ਵੱਲੋਂ ਅਗਸਤ 'ਚ ਖ਼ਤਮ ਹੋਈ ਛਿਮਾਹੀ ਦੌਰਾਨ ਮਹਿੰਗਾਈ ਵਧਣ ਦੇ ਮੱਦੇਨਜ਼ਰ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤਹਿਤ ਸਨਅਤੀ ਮਜ਼ਦੂਰਾਂ ਦੇ ਮਹਿੰਗਾਈ ਭੱਤੇ ਵਿੱਚ 54.98 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ। ਖੇਤ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵੀ ਸਰਕਾਰ ਨੇ ਸਿਰਫ਼ 2.41 ਪੈਸੇ ਦਿਹਾੜੀ ਦਾ ਵਾਧਾ ਕੀਤਾ ਹੈ। ਇਸ ਵਾਧੇ ਨਾਲ ਹੁਣ ਗ਼ੈਰ-ਕੁਸ਼ਲ ਮਜ਼ਦੂਰਾਂ ਦੀਆਂ ਉਜਰਤਾਂ 7624 ਰੁਪਏ ਪ੍ਰਤੀ ਮਹੀਨਾ, ਅਰਧ ਕੁਸ਼ਲ ਮਜਦੂਰਾਂ ਦੀਆਂ ਉਜਰਤਾਂ 8404 ਰੁਪਏ ਪ੍ਰਤੀ ਮਹੀਨਾ, ਕੁਸ਼ਲ ਮਜ਼ਦੂਰਾਂ ਦੀਆਂ ਉਜਰਤਾਂ 9300 ਰੁਪਏ ਪ੍ਰਤੀ ਮਹੀਨਾ ਤੇ ਅਤਿ ਕੁਸ਼ਲ ਮਜ਼ਦੂਰਾਂ ਦੀਆਂ ਉਜਰਤਾਂ 10, 332 ਰੁਪਏ ਪ੍ਰਤੀ ਮਹੀਨਾ ਹੋ ਗਈਆਂ ਹਨ। ਇਸ ਤਰ੍ਹਾਂ ਸਨਅਤੀ ਮਜ਼ਦੂਰਾਂ ਦੀ ਦਿਹਾੜੀ 298 ਰੁਪਏ ਤੇ ਖੇਤ ਮਜ਼ਦੂਰਾਂ ਦੀ ਦਿਹਾੜੀ 306ਰੁਪਏ ਹੋ ਗਈ ਹੈ। ਇਸੇ ਅਨੁਪਾਤ ਵਿੱਚ ਹੀ ਭੱਠਾ ਸਨਅਤ ਦੇ ਕਿਰਤੀਆਂ ਸਮੇਤ ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਸਰਕਾਰੀ ਅਦਾਰਿਆਂ ਦੇ ਕਿਰਤੀਆਂ ਦੀਆਂ ਉਜਰਤਾਂ ਵਿੱਚ ਨਾਮਾਤਰ ਵਾਧਾ ਹੋਇਆ ਹੈ।

ਨਿਯਮਾਂ ਤਹਿਤ ਭਾਵੇਂ ਮਹਿੰਗਾਈ ਭੱਤੇ ਵਿੱਚ ਵਾਧਾ ਪਹਿਲੀ ਸਤੰਬਰ 2017  ਤੋਂ ਲਾਗੂ ਕਰਨਾ ਬਣਦਾ ਸੀ, ਪਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਹੁਣ ਜਾਰੀ ਕਰਨ ਕਰ ਕੇ ਸਤੰਬਰ ਦਾ ਵਾਧਾ ਪੱਛੜ ਗਿਆ ਹੈ। ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਸਨਅਤੀ ਮਜ਼ਦੂਰਾਂ ਅਤੇ ਖੇਤ ਮਜ਼ਦੂਰਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਦਿਖਾਉਂਦਿਆਂ ਕਿਹਾ ਕਿ ਸਰਕਾਰ ਨੇ ਦੀਵਾਲੀ ਮੌਕੇ ਮਿਹਨਤਕਸ਼ ਅਤੇ ਗ਼ਰੀਬ ਕਿਰਤੀਆਂ ਨਾਲ ਮਜ਼ਾਕ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਮੁਤਾਬਕ 10 ਰੁਪਏ ਪ੍ਰਤੀ ਅੰਕੜਾ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਜਾਵੇ।