ਚੰਡੀਗੜ੍ਹ: ਹਰ ਸਾਲ ਵਾਂਗ ਐਂਤਕੀ ਵੀ ਮਨਿਆਰੀ, ਬਰਤਨਾਂ, ਫਲਾਂ, ਪਟਾਕਿਆਂ, ਹਲਵਾਈਆਂ ਤੇ ਬਜ਼ਾਜਾਂ ਦੀਆਂ ਹੱਟੀਆਂ ਦੁਕਾਨਦਾਰਾਂ ਨੇ ਖ਼ੂਬ ਸਜਾਹੀਆਂ ਤੇ ਬਾਜ਼ਾਰ ਵੀ ਦੁਲਹਨ ਵਾਂਗ ਸਜਾਏ। ਦੁਕਾਨਾਂ ਅੱਗੇ ਚੀਨੀ ਮਾਰਕਾ ਰੰਗਬਰੰਗੀਆਂ ਬਿਜਲਈ ਲੜੀਆਂ ਵੀ ਲਾਈਆਂ ਜੋ ਰਾਤ ਸਮੇਂ ਦੀਵਾਲੀ ਦੀਆਂ ਪੂਰਵ ਸੰਧਿਆਵਾਂ  ਤੋਂ ਪਹਿਲਾਂ ਹੀ  ਟਿਮਟਿਮਾ ਰਹੀਆਂ ਹਨ। ਪਰ ਵਿਕਰੀ  ਪੱਖੋ ਵਪਾਰੀ ਠੰਢੇ ਸਾਹ ਭਰ ਰਹੇ ਹਨ।
ਦਰਅਸਲ ਦੁਸਹਿਰਾ, ਕਰਵਾ ਚੌਥ, ਧਨਤੇਰਸ ਤੇ ਹੁਣ ਦੀਵਾਲੀ ਵਰਗੇ ਤਿਉਹਾਰਾਂ ਦੇ ਦਿਨਾਂ 'ਚ ਦੁਕਾਨਦਾਰ ਨਿਰਾਸ਼ਾ 'ਚ  ਹੱਥਾਂ 'ਤੇ ਹੱਥ ਰੱਖੀ ਬੈਠੇ ਹਨ।  ਸਾਰੇ ਕਾਰੋਬਾਰੀ ਆਖ ਰਹੇ ਹਨ ਕਿ ਮੰਦਵਾੜਾ ਛਾ ਗਿਆ ਹੈ।  ਵਪਾਰ ਮੰਡਲ ਦੇ ਚੇਅਰਮੈਨ ਸੱਤਪਾਲ ਗੋਇਲ ਤੇ ਪ੍ਰਧਾਨ ਮੰਗਲ ਸੈਨ ਗਰਗ ਦੀ ਮੰਦਵਾੜੇ ਸਬੰਧੀ ਦਲੀਲ ਹੈ ਕਿ ਆਰਥਿਕ ਮੰਦਵਾੜੇ 'ਚ ਜੀਐਸਟੀ ਨੇ ਸਾਮਾਨ ਮਹਿੰਗਾ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਨੋਟਬੰਦੀ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਸੀ ਹੁਣ ਜੀਐਸਟੀ ਨੇ ਆਰਥਿਕਤਾ ਤਬਾਹ ਕਰ ਦਿੱਤੀ ਹੈ। ਦੇਸ਼ 'ਚ ਅੱਧੀ ਆਬਾਦੀ ਰੇਹੜੀਆਂ, ਰਿਕਸ਼ਿਆਂ, ਫੜੀਆਂ ਤੇ ਸਿਰਾਂ 'ਤੇ ਰੱਖਕੇ ਸਾਮਾਨ ਵੇਚਦੇ ਹਨ ਜਿਸ ਕਾਰਨ ਇਥੇ ਜੀਐਸਟੀ ਕਾਮਯਾਬ ਹੋਣ ਦੀ ਸੰਭਾਵਨਾ ਨਹੀਂ। ਉਨ੍ਹਾਂ ਕਿਹਾ ਕਿ ਕੰਪੋਜੀਸ਼ਨ ਸਕੀਮ ਤਹਿਤ ਇੱਕ ਪ੍ਰਤੀਸ਼ਤ ਟੈਕਸ ਵਸੂਲੀ ਵੀ ਛੋਟੇ ਵਪਾਰੀ ਵਰਗ ਦੀ ਵੱਡੀ ਲੁੱਟ ਹੈ। ਇਸ ਕਾਰਨ ਜੀਐਸਟੀ 'ਚ ਸੁਧਾਰ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਤਿਉਹਾਰਾਂ 'ਚ ਵੀ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਾਕਿਆਂ 'ਤੇ ਪਾਬੰਦੀ ਲਾ ਕੇ ਛੋਟਾ ਦੁਕਾਨਦਾਰ ਮਾਰ ਦਿੱਤਾ ਹੈ।