ਮੁਜ਼ੱਫ਼ਰਪੁਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਬਣੀ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ 'ਤੇ ਵਿਵਾਦ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਫਿਲਮ ਖਿਲਾਫ ਕਈ ਅਦਾਲਤਾਂ ਵਿੱਚ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ।


ਮੁਜ਼ੱਫ਼ਰਪੁਰ ਦੀ ਇੱਕ ਅਦਾਲਤ ਨੇ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨਾਲ ਜੁੜੇ ਅਦਾਕਾਰਾਂ ਅਨੁਪਮ ਖੇਰ, ਅਕਸ਼ੈ ਖੰਨਾ ਸਣੇ 15 ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਇਹ ਐਫਆਈਆਰ ਕਾਂਤੀ ਪੁਲਿਸ ਸਟੇਸ਼ਨ ’ਚ ਐਡਵੋਕੇਟ ਸੁਧੀਰ ਕੁਮਾਰ ਓਝਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਨੂੰ ਫ਼ਿਲਮ ਦੇ ਪ੍ਰੋਮੋ ਦੇਖ ਕੇ ਠੇਸ ਪੁੱਜੀ ਹੈ ਤੇ ਡਾ. ਸਿੰਘ ਸਣੇ ਕਈ ਵੱਡੀਆਂ ਸ਼ਖ਼ਸੀਅਤਾਂ ਨੂੰ ‘ਗਲਤ ਢੰਗ’ ਨਾਲ ਪੇਸ਼ ਕੀਤਾ ਗਿਆ ਹੈ।

ਦਰਅਸਲ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ’ਤੇ ਆਧਾਰਤ ਹੈ। ਇਸ ਤੋਂ ਇਲਾਵਾ ਦਿੱਲੀ ਤੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵੀ ਫਿਲਮ ਬਾਰੇ ਅੱਜ ਸੁਣਵਾਈ ਹੈ।