ਪੰਜਾਬ: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਕੱਲ੍ਹ ਹੋਈਆਂ ਚੋਣਾਂ 'ਚ ਕਈ ਥਾਈਂ ਅਕਾਲੀ ਤੇ ਕਾਂਗਰਸੀਆਂ ਦੀਆਂ ਆਪਸ 'ਚ ਝੜਪਾਂ ਹੋਈਆਂ, ਗੋਲੀਆਂ ਚੱਲੀਆਂ ਤੇ ਭੰਨ੍ਹਤੋੜ ਕੀਤੀ ਗਈ। ਅਜਿਹੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਐਫਆਈਆਰ ਦਰਜ ਕੀਤੀ ਗਈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਏ ਝਗੜੇ ਲਈ ਮੁਕਤਸਰ ਦੇ ਲੰਬੀ ਥਾਣੇ 'ਚ ਸੁਖਬੀਰ 'ਤੇ ਕੇਸ ਦਰਜ ਕੀਤਾ ਗਿਆ। ਸੁਖਬੀਰ ਬਾਦਲ 'ਤੇ ਧਾਰਾ 341, 323, 506, 148, 149 ਤਹਿਤ ਕੇਸ ਦਰਜ ਕੀਤਾ ਗਿਆ।
ਸੁਖਬੀਰ ਖਿਲਾਫ ਚੱਕ ਮਿੱਡੂਸਿੰਘ ਪਿੰਡ ਦੇ ਜਤਿੰਦਰ ਸਿੰਘ ਨੇ ਮਾਰਕੁੱਟ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਲਜ਼ਾਮ ਹਨ ਕਿ ਸੁਖਬੀਰ ਆਪਣੇ ਕਾਫਲੇ ਨਾਲ ਪਹੁੰਚੇ ਸਨ ਤੇ ਉੱਥੇ ਉਨ੍ਹਾਂ ਦੇ ਸਾਹਮਣੇ ਅਕਾਲੀ ਦਲ ਦੇ ਵਰਕਰਾਂ ਨੇ ਜਤਿੰਦਰ ਨਾਲ ਮਾਰਕੁੱਟ ਕੀਤੀ। ਇਹ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਦੱਸੀ ਜਾ ਰਹੀ ਹੈ।
ਸ਼ਿਕਾਇਤਕਰਤਾ ਕਾਂਗਰਸ ਦਾ ਉਮੀਦਵਾਰ ਹੈ। ਪੁਲਿਸ ਨੂੰ ਸੁਖਬੀਰ ਦੀ ਮੌਜੂਦਗੀ ਵਾਲੀ ਸੀਸੀਟੀਵੀ ਫੁੱਟੇਜ਼ ਸੌਂਪ ਦਿੱਤੀ ਗਈ ਹੈ। ਹਾਲਾਂਕਿ ਸੀਸੀਟੀਵੀ ਫੁੱਟੇਜ਼ 'ਚ ਦੂਜੇ ਲੋਕਾਂ ਦੀ ਪਛਾਣ ਨਹੀਂ ਹੋ ਪਾ ਰਹੀ। ਇਸ ਲਈ ਸੁਖਬੀਰ ਬਾਦਲ ਨੂੰ ਨਾਮਜ਼ਦ ਕਰਦਿਆਂ 100 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।