ਪੰਚਾਇਤੀ ਚੋਣਾਂ: ਹਿੰਸਾ ਕਾਰਨ ਇੱਥੇ ਮੁੜ ਪੈਣਗੀਆਂ ਵੋਟਾਂ
ਏਬੀਪੀ ਸਾਂਝਾ | 19 Sep 2018 08:34 PM (IST)
ਚੰਡੀਗੜ੍ਹ: ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਹਿੰਸਾ ਦੀਆਂ ਕਾਫੀ ਘਟਨਾਵਾਂ ਦੇ ਸਾਹਮਣੇ ਆਉਣ ਕਾਰਨ ਕੁਝ ਥਾਵਾਂ 'ਤੇ ਦੁਬਾਰਾ ਵੋਟਾਂ ਕਰਵਾਉਣ ਦੀ ਸਿਫਾਰਿਸ਼ ਭੇਜੀ ਗਈ ਹੈ। ਕਈ ਥਾਵਾਂ 'ਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਕੁਝ ਥਾਵਾਂ 'ਤੇ ਮੁੜ ਤੋਂ ਵੋਟਾਂ ਪੁਵਾਏ ਜਾਣ ਦੀ ਸਿਫਾਰਿਸ਼ ਕੀਤੀ ਹੈ। ਮਲੋਟ ਪੰਚਾਇਤ ਸੰਮਤੀ ਦੇ ਰਿਟਰਨਿੰਗ ਅਫ਼ਸਰ ਨੇ ਬੂਥ ਨੰਬਰ 104 ਤੇ 105 ਭਗਵਾਨਪੁਰਾ ਅਤੇ ਬੂਥ ਨੰਬਰ 17, 18 ਅਤੇ 19 ਪਿੰਡ ਮਿੱਡਾ ਵਿਖੇ ਰੀ-ਪੋਲ ਦੀ ਸਿਫਾਰਿਸ਼ ਭੇਜੀ ਹੈ। ਇਸੇ ਤਰ੍ਹਾਂ ਗਿੱਦੜਬਾਹਾ ਦੇ ਰਿਟਰਨਿੰਗ ਅਫ਼ਸਰ ਨੇ ਵੀ ਪਿੰਡ ਬਬਾਣੀਆਂ ਦੇ ਬੂਥ ਨੰਬਰ 74 ਤੇ 75 ਵਿਖੇ ਮੁੜ ਤੋਂ ਵੋਟਾਂ ਪੁਵਾਉਣ ਦੀ ਸਿਫਾਰਿਸ਼ ਚੋਣ ਕਮਿਸ਼ਨ ਨੂੰ ਭੇਜੀ ਹੈ। ਉੱਧਰ ਪੰਜਾਬ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਦੇ ਕੁਝ ਅੰਕੜੇ ਜਾਰੀ ਕੀਤੇ ਹਨ। ਜ਼ਿਲ੍ਹੇਵਾਰ ਜਾਰੀ ਕੀਤੇ ਅੰਕੜਿਆਂ ਵਿੱਚ ਮਾਨਸਾ ਵਿੱਚ ਸਭ ਤੋਂ ਵੱਧ 71.66% ਵੋਟਿੰਗ ਹੋਈ। ਇਸ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿੱਚ 65 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਸਭ ਤੋਂ ਘੱਟ ਵੋਟਿੰਗ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਈ ਜਿੱਥੇ 47 ਫ਼ੀਸਦੀ ਵੋਟਿੰਗ ਹੀ ਦਰਜ ਕੀਤੀ ਗਈ। ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਬਾਕੀ ਖਿੱਤਿਆਂ ਦੇ ਮੁਕਾਬਲੇ ਮਾਲਵਾ ਖਿੱਤੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵਿੱਚ ਦਿਹਾਤੀ ਵੋਟਰਾਂ ਨੇ ਵੱਧ ਉਤਸ਼ਾਹ ਦਿਖਾਇਆ।