ਬਠਿੰਡਾ: ਸ਼ਹਿਰ ਦੇ ਮਿੱਤਲ ਸਿਟੀ ਮਾਲ ਦੇ ਬੇਸਮੈਂਟ ਵਿੱਚ ਬਣੇ ਬਿੱਗ ਬਾਜ਼ਾਰ ਅੰਦਰ ਰਾਤ ਦੇ ਤਕਰੀਬਨ ਡੇਢ ਕੁ ਵਜੇ ਅਚਾਨਕ ਅੱਗ ਲੱਗ ਗਈ। ਅੱਗ ਬਝਾਊ ਦਸਤੇ ਦੀਆਂ ਚਾਰ ਗੱਡੀਆਂ ਤੇ ਕੌਮੀ ਆਫ਼ਤ ਰਾਹਤ ਫੋਰਸ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਰਾਤ ਹੋਣ ਕਰ ਕੇ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।   ਬਿੱਗ ਬਾਜ਼ਾਰ ਅੰਦਰ ਬਣੇ ਖਾਣ ਪੀਣ ਵਾਲੀਆਂ ਚੀਜ਼ਾਂ ਵਾਲੇ ਹਿੱਸੇ ਵਿੱਚ ਅੱਗ ਲੱਗੀ ਸੀ ਅਤੇ ਓਨੇ ਦਾਇਰੇ ਵਿੱਚ ਹੀ ਸੀਮਤ ਰਹੀ। ਮਾਲ ਦੇ ਬਾਕੀ ਹਿਸਿਆਂ ਵਿੱਚ ਅੱਗ ਵਧਣ ਤੋਂ ਪਹਿਲਾਂ ਹੀ ਅੱਗ ਬੁਝਾਊ ਦਸਤਿਆਂ ਨੇ ਅੱਗ ਤੇ ਕਾਬੂ ਪਾ ਲਿਆ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬੱਚਤ ਰਹੀ। ਫਾਇਰ ਅਫ਼ਸਰ ਜਸਵਿੰਦਰ ਸਿੰਘ ਤੇ ਐਨਡੀਆਰਐਫ਼ ਅਫ਼ਸਰ ਲੋਕੇਂਦਰ ਮੁਤਾਬਕ ਪੂਰੇ ਮਾਲ ਅੰਦਰ ਧੂੰਆਂ ਫੈਲੇ ਹੋਣ ਕਰ ਕੇ ਅੱਗ ਬੁਝਾਊ ਦਸਤਿਆਂ ਤੇ ਐੱਨ ਡੀ ਆਰ ਐੱਫ ਦੇ ਜਵਾਨਾਂ ਨੂੰ ਅੱਗ ਵਾਲੀ ਜਗ੍ਹਾ 'ਤੇ ਪਹੁੰਚਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਦੇ ਤੁਰੰਤ ਬਾਅਦ ਹੀ ਡਿਪਟੀ ਕਮਿਸ਼ਨਰ ਦਿਪਰਵਾ ਲਾਕਰਾ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਭਾਵੇਂ ਫਿਲਹਾਲ ਨਹੀਂ ਲੱਗਿਆ ਪਰ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।