ਪਟਿਆਲਾ: ਗੁਰੁ ਨਾਨਕ ਦੇਵ ਦੇ ਗੁਰਪੁਰਬ ਮੌਕੇ ਬੀਤੀ ਰਾਤ ਚਲਾਈ ਗਈ ਚੀਨੀ ਲਾਲਟੈਨ ਦੇ ਲੱਕੜ ਦੇ ਗੁਦਾਮ ਵਿੱਚ ਡਿੱਗਣ ਕਾਰਨ ਗੁਦਾਮ ਵਿੱਚ ਮੌਜੂਦ ਲੱਕੜ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਦੂਰ-ਦੂਰ ਤੱਕ ਇਸ ਦੀਆਂ ਲਪਟਾਂ ਵੇਖੀਆਂ ਗਈਆਂ। ਅੱਗ ਨੂੰ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਦੀਆਂ 20 ਦੇ ਕਰੀਬ ਗੱਡੀਆਂ ਦਾ ਪਾਣੀ ਇਸ ਅੱਗ 'ਤੇ ਡੋਲਿਆ ਗਿਆ।
ਪਟਿਆਲਾ ਰਾਜਪੁਰਾ ਰੋਡ 'ਤੇ ਪੈਂਦੇ ਹੀਰਾ ਬਾਗ ਦੀ ਗਲੀ ਨੰਬਰ ਇੱਕ ਵਿੱਚ ਮੌਜੂਦ ਲੱਕੜ ਦੇ ਗੁਦਾਮ ਵਿੱਚ ਰਾਤ ਕਰੀਬ 9 ਵਜੇ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਰਾਤ ਸਮੇਂ ਛੱਡੀ ਗਈ ਚੀਨੀ ਲਾਲਟੈਨ ਦਾ ਡਿੱਗਣ ਨੂੰ ਦੱਸਿਆ ਜਾ ਰਿਹਾ ਹੈ। ਇਸ ਕਾਰਨ ਗੁਦਾਮ ਵਿੱਚ ਪਈ ਸੁੱਕੀ ਲੱਕੜ ਨੂੰ ਅੱਗ ਲੱਗ ਗਈ ਤੇ ਪੂਰਾ ਗੁਦਾਮ ਜਲ ਉੱਠਿਆ। ਇਸ ਗੁਦਾਮ ਦੇ ਨਜ਼ਦੀਕ ਹੀ ਲੋਕਾਂ ਦੇ ਘਰ ਹੋਣ ਕਾਰਨ ਆਸਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ਼ ਵੀ ਬਣਿਆ ਰਿਹਾ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਨੌਂ ਵਜੇ ਲੱਗੀ ਇਸ ਅੱਗ ਉਪਰ ਦੇਰ ਰਾਤ 2 ਵਜੇ ਦੇ ਕਰੀਬ ਕਾਬੂ ਪਾਇਆ ਗਿਆ।
ਅੱਗ ਲੱਗਣ ਤੋਂ ਫੋਰਨ ਬਾਅਦ ਹੀ ਫਾਇਰ ਬ੍ਰਿਗੇਡ ਦੀ ਟੀਮ ਬੁਲਾਈ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 20 ਦੇ ਕਰੀਬ ਗੱਡੀਆਂ ਦਾ ਪਾਣੀ ਵੀ ਇਸ ਅੱਗ ਲਈ ਥੋੜਾ ਜਾਪਦਾ ਰਿਹਾ। ਅੱਗ ਨੂੰ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਕਰਮੀਆਂ ਨੂੰ ਕਈ ਘੰਟੇ ਜੱਦੋ-ਜਹਿਦ ਕਰਨੀ ਪਈ ਪਰ ਗਨੀਮਤ ਇਹ ਰਹੀ ਕਿ ਗੁਦਾਮ ਦੀ ਚਾਰ ਦੀਵਾਰੀ ਹੋਣ ਕਾਰਨ ਇਹ ਅੱਗ ਬਾਹਰ ਨਹੀਂ ਫੈਲੀ।